ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮਾਂ ਨੂੰ ਸਮਰਪਿਤ, ਅਸਾਮ ਤੋਂ ਆਰੰਭ ਹੋਇਆ ਵਿਸ਼ਾਲ ਨਗਰ ਕੀਰਤਨ ਪੰਜਾਬ ਵਿੱਚ ਦਾਖਲ ਹੋਣ ਉਪਰੰਤ ਸੰਗਰੂਰ ਦੇ ਇਤਿਹਾਸਕ ਅਸਥਾਨ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਪਹੁੰਚਿਆ ਹੈ।
ਇਸ ਪਵਿੱਤਰ ਨਗਰ ਕੀਰਤਨ ਦੇ ਦਰਸ਼ਨਾਂ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲਿਆ। ਸੰਗਰੂਰ ਪਹੁੰਚਣ 'ਤੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਿਰਕਤ ਕੀਤੀ ਅਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ।
ਅਸਾਮ ਤੋਂ ਚੱਲਿਆ ਲਾਸਾਨੀ ਸਫ਼ਰ
'ਹਿੰਦ ਦੀ ਚਾਦਰ' ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਦੇਸ਼ ਅਤੇ ਕੌਮ ਲਈ ਜੋ ਲਾਸਾਨੀ ਸ਼ਹਾਦਤ ਦਿੱਤੀ, ਉਸ ਦੀ ਯਾਦ ਵਿੱਚ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ। ਅਸਾਮ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਵੱਖ-ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਬੀਤੇ ਦਿਨ ਹਰਿਆਣਾ ਦੇ ਧਮਤਾਨ ਸਾਹਿਬ ਤੋਂ ਪੰਜਾਬ ਵਿੱਚ ਦਾਖਲ ਹੋਇਆ ਸੀ।
ਪਾਤੜਾਂ ਵਿਖੇ ਸ਼ਰਧਾ ਦਾ ਸੇਲਾਬ
ਇਸ ਤੋਂ ਇੱਕ ਦਿਨ ਪਹਿਲਾਂ, ਬੁੱਧਵਾਰ ਨੂੰ ਇਹ ਨਗਰ ਕੀਰਤਨ ਪਾਤੜਾਂ ਦੇ ਪਿੰਡ ਖਾਨੇਵਾਲ ਮੌਲਵੀ ਵਾਲਾ ਹਮ ਚੜੀ ਵਿਖੇ ਪਹੁੰਚਿਆ।
ਸੰਗਤਾਂ ਨੇ ਉੱਥੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਅਤੇ ਲੰਗਰ ਦੀ ਸੇਵਾ ਨਿਭਾਈ।
ਰਾਤ 9 ਵਜੇ ਦੇ ਕਰੀਬ ਨਗਰ ਕੀਰਤਨ ਦੇ ਪਾਤੜਾਂ ਪਹੁੰਚਣ ਤੋਂ ਪਹਿਲਾਂ ਹੀ ਸੰਗਤਾਂ ਦਰਸ਼ਨਾਂ ਲਈ ਸੜਕ 'ਤੇ ਬੈਠ ਕੇ ਵਾਹਿਗੁਰੂ ਦੇ ਨਾਮ ਦਾ ਜਾਪ ਕਰ ਰਹੀਆਂ ਸਨ।
ਬੀਬੀਆਂ ਨੇ ਇਸ ਮੌਕੇ ਕਿਹਾ ਕਿ ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸ਼੍ਰੋਮਣੀ ਕਮੇਟੀ ਦੇ ਉਪਰਾਲੇ ਦੀ ਪ੍ਰਸ਼ੰਸਾ
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਅਕਾਲੀ ਦਲ ਦੇ ਪਟਿਆਲਾ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਗਦੀਪ ਸਿੰਘ ਹਰਿਆਊ ਨੇ ਕਿਹਾ ਕਿ ਅਜਿਹੇ ਸਮਾਗਮਾਂ ਨਾਲ ਸਾਡੇ ਬੱਚਿਆਂ ਨੂੰ ਆਪਣੇ ਇਤਿਹਾਸ ਅਤੇ ਗੁਰੂਆਂ ਦੀ ਮਹਾਨ ਸ਼ਹਾਦਤ ਬਾਰੇ ਜਾਣਕਾਰੀ ਮਿਲੇਗੀ।

