ਸ਼੍ਰੋਮਣੀ ਅਕਾਲੀ ਦਲ ਦੀ ਬਠਿੰਡਾ ਤੋਂ ਸਾਂਸਦ ਬੀਬੀ ਹਰਸਿਮਰਤ ਕੌਰ ਬਾਦਲ ਨੇ ਤਰਨਤਾਰਨ ਜ਼ਿਮਨੀ ਚੋਣ ਨੂੰ ਧਿਆਨ ਵਿੱਚ ਰੱਖਦਿਆਂ ਬੁੱਧਵਾਰ ਨੂੰ ਤੀਜੇ ਦਿਨ ਵੀ ਚੋਣ ਪ੍ਰਚਾਰ ਜਾਰੀ ਰੱਖਿਆ। ਬੀਬੀ ਹਰਸਿਮਰਤ ਬਾਦਲ ਨੇ ਪਿੰਡ ਕੱਕਾ ਕੰਡਿਆਲਾ, ਮੱਲੀਆਂ, ਕਾਜ਼ੀ ਕੋਟ, ਲਾਲੂ ਘੁੰਮਣ, ਖਾਰਾ, ਪਲਾਸੌਰ ਅਤੇ ਕੈਰੋਂਵਾਲ ਵਿੱਚ ਲੋਕਾਂ ਨਾਲ ਰੂਬਰੂ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ।
ਚੋਣ ਪ੍ਰਚਾਰ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾ ਲੋਕਾਂ ਦੇ ਵਿਕਾਸ ਲਈ ਕੰਮ ਕੀਤਾ ਹੈ, ਜਦਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚਾਰ ਸਾਲਾਂ ਵਿੱਚ ਸਿਰਫ਼ ਝੂਠੇ ਵਾਅਦੇ ਅਤੇ ਜੂਠੀ ਪ੍ਰਚਾਰਬਾਜ਼ੀ ਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦ ਪੰਜਾਬ ਹੜ੍ਹ ਨਾਲ ਜੂਝ ਰਿਹਾ ਸੀ, ਤਦ ਮੁੱਖ ਮੰਤਰੀ ਲੋਕਾਂ ਦੀ ਮਦਦ ਕਰਨ ਦੀ ਬਜਾਏ ਹਸਪਤਾਲ ਵਿੱਚ ਦਾਖਲ ਹੋ ਗਿਆ। ਬੀਬਾ ਬਾਦਲ ਨੇ ਦੋਸ਼ ਲਗਾਇਆ ਕਿ ਕੇਂਦਰ ਵੱਲੋਂ ਪੰਜਾਬ ਲਈ ਭੇਜੇ ਗਏ ਸਾਢੇ 12 ਹਜ਼ਾਰ ਕਰੋੜ ਰੁਪਏ ਵੀ ਗਬਨ ਕਰਕੇ ਖਾਏ ਗਏ ਹਨ।
ਉਨ੍ਹਾਂ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਕਰਜ ਦੇ ਜਾਲ ਵਿੱਚ ਫੰਸਾ ਦਿੱਤਾ ਹੈ ਅਤੇ ਹੁਣ ਸਰਕਾਰੀ ਜ਼ਮੀਨਾਂ ਵੇਚ ਕੇ ਲੋਕਾਂ ਦੀਆਂ ਸਹੂਲਤਾਂ ਖਤਮ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਅਕਾਲੀ ਦਲ ਦੀ ਸਰਕਾਰ ਆਉਂਦੀ ਹੈ ਤਾਂ ਇਹਨਾਂ ਸਾਰੇ ਘਪਲਿਆਂ ਦੀ ਜਾਂਚ ਕਰਕੇ ਜਿੰਮੇਵਾਰਾਂ ਨੂੰ ਜੇਲ੍ਹ ਭੇਜਿਆ ਜਾਵੇਗਾ ਅਤੇ ਲੋਕਾਂ ਦਾ ਲੁੱਟਿਆ ਪੈਸਾ ਵਾਪਸ ਲਿਆ ਜਾਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਹਲਕੇ ਦੀ ਉਮੀਦਵਾਰ ਪ੍ਰਿੰਸੀਪਲ ਬੀਬੀ ਸੁਖਵਿੰਦਰ ਕੌਰ ਰੰਧਾਵਾ ਅਤੇ ਹੋਰ ਸਥਾਨਕ ਆਗੂਆਂ ਨੇ ਵੀ ਸਮਾਗਮਾਂ ਦੌਰਾਨ ਲੋਕਾਂ ਨੂੰ ਸੰਬੋਧਨ ਕੀਤਾ। ਸਰਬਜੀਤ ਝਿੰਜਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਵੱਲੋਂ ਅਕਾਲੀ ਵਰਕਰਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਖ਼ਿਲਾਫ਼ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਲੋਕਾਂ ਦਾ ਵੱਡਾ ਹੁੰਗਾਰਾ ਮਿਲ ਰਿਹਾ ਹੈ ਅਤੇ 14 ਤਰੀਕ ਨੂੰ ਲੋਕ ਝੂਠ ਅਤੇ ਧੋਖੇਬਾਜ਼ੀ ਦੀ ਸਿਆਸਤ ਦਾ ਜਵਾਬ ਆਪਣੇ ਵੋਟ ਨਾਲ ਦੇਣਗੇ। ਇਸ ਮੌਕੇ ਬੀਬੀ ਹਰਸਿਮਰਤ ਬਾਦਲ ਦਾ ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਵੱਲੋਂ ਸਿਰੋਪਾਓ ਪਾ ਕੇ ਸਨਮਾਨ ਵੀ ਕੀਤਾ ਗਿਆ।

