ਤਰਨਤਾਰਨ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਮਜ਼ਬੂਤੀ ਮਿਲੀ ਹੈ। ਪ੍ਰਮੁੱਖ ਆਗੂ ਯਾਦਵਿੰਦਰ ਸਿੰਘ, ਜਿਨ੍ਹਾਂ ਨੇ ਹਾਲ ਹੀ ਵਿੱਚ ਕਾਂਗਰਸ ਵਿੱਚ ਦੋ ਦਿਨਾਂ ਲਈ ਸ਼ਾਮਲ ਹੋਣ ਤੋਂ ਬਾਅਦ ਪਾਰਟੀ ਛੱਡ ਦਿੱਤੀ ਸੀ, ਦੁਬਾਰਾ ‘ਆਪ’ ਵਿੱਚ ਸ਼ਾਮਲ ਹੋ ਗਏ ਹਨ।
‘ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ “ਇੱਕ ਅਜਿਹੇ ਸਮਰਪਿਤ ਤੇ ਅਨੁਸ਼ਾਸਿਤ ਆਗੂ ਦੀ ਘਰ ਵਾਪਸੀ ਹੈ ਜੋ ਹਮੇਸ਼ਾ ਲੋਕਾਂ ਦੇ ਮੁੱਦਿਆਂ ਲਈ ਖੜ੍ਹਾ ਰਿਹਾ ਹੈ।” ਇਸ ਮੌਕੇ ਸੂਬਾ ਜਨਰਲ ਸਕੱਤਰ ਡਾ. ਐਸ. ਐਸ. ਆਹਲੂਵਾਲੀਆ ਵੀ ਹਾਜ਼ਰ ਸਨ।
ਸ਼ੈਰੀ ਕਲਸੀ ਨੇ ਕਿਹਾ ਕਿ ਕਈ ਵਾਰ ਦੂਰੋਂ ਚੀਜ਼ਾਂ ਚੰਗੀਆਂ ਲੱਗਦੀਆਂ ਹਨ, ਪਰ ਅੰਦਰ ਜਾਣ ਤੇ ਅਸਲੀ ਹਾਲਤ ਪਤਾ ਲੱਗਦੀ ਹੈ। ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਯਾਦਵਿੰਦਰ ਸਿੰਘ ਨੂੰ ਅਹਿਸਾਸ ਹੋਇਆ ਕਿ ਇਹ ਪਾਰਟੀ ਲੋਕਾਂ ਦੇ ਮੁੱਦਿਆਂ ਤੋਂ ਦੂਰ ਹੈ ਅਤੇ ਅੰਦਰੂਨੀ ਝਗੜਿਆਂ ਵਿੱਚ ਫਸੀ ਹੋਈ ਹੈ। ਇਸ ਕਾਰਨ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਵਾਪਸੀ ਦਾ ਫੈਸਲਾ ਕੀਤਾ, ਜੋ ਸੱਚਮੁੱਚ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਪਾਰਟੀ ਹੈ।
ਉਹਨਾਂ ਨੇ ਜੋੜਿਆ ਕਿ ਯਾਦਵਿੰਦਰ ਸਿੰਘ ਨੂੰ ਹਮੇਸ਼ਾਂ ‘ਆਪ’ ਵਿੱਚ ਮਾਣ-ਸਤਿਕਾਰ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਉਹਨਾਂ ਨੂੰ ਪਾਰਟੀ ਵਿੱਚ ਯੋਗ ਸਥਾਨ ਮਿਲਦਾ ਰਹੇਗਾ। ਉਨ੍ਹਾਂ ਦੀ ਵਾਪਸੀ ਨਾਲ ਤਰਨਤਾਰਨ ਵਿੱਚ ਚੋਣ ਮੁਹਿੰਮ ਨੂੰ ਹੋਰ ਤਾਕਤ ਮਿਲੇਗੀ ਅਤੇ ਉਹ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਸਰਗਰਮ ਭੂਮਿਕਾ ਨਿਭਾਉਣਗੇ।
ਯਾਦਵਿੰਦਰ ਸਿੰਘ ਨੇ ਪਾਰਟੀ ਨੇਤ੍ਰਿਤਵ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਵਿੱਚ ਉਹ ਕਦੇ ਵੀ ਆਪਣੇ ਘਰ ਵਰਗਾ ਮਹਿਸੂਸ ਨਹੀਂ ਕਰ ਸਕੇ। “ਆਮ ਆਦਮੀ ਪਾਰਟੀ ਹੀ ਮੇਰਾ ਅਸਲ ਘਰ ਹੈ - ਇੱਕ ਅਜਿਹੀ ਪਾਰਟੀ ਜੋ ਗੱਲਾਂ ਨਾਲ ਨਹੀਂ, ਸਗੋਂ ਕੰਮ ਨਾਲ ਆਪਣੀ ਪਛਾਣ ਬਣਾਉਂਦੀ ਹੈ,” ਉਹਨਾਂ ਕਿਹਾ। “ਮੈਂ ਦੁਬਾਰਾ ਆਪਣੇ ਘਰ ‘ਆਪ’ ਵਿੱਚ ਵਾਪਸ ਆ ਕੇ ਖੁਸ਼ ਹਾਂ।”

