ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗੋਲੀਬਾਰੀ ਦੇ ਇੱਕ ਗੰਭੀਰ ਮਾਮਲੇ ਨੂੰ ਸੁਲਝਾਉਂਦਿਆਂ ਤੇਜ਼ ਕਾਰਵਾਈ ਕੀਤੀ ਹੈ। ਪੁਲਿਸ ਨੇ ਤਿੰਨ ਮਹੀਨੇ ਪੁਰਾਣੀ ਰੰਜਿਸ ਕਾਰਨ ਹੋਏ ਹਮਲੇ ਵਿੱਚ ਸ਼ਾਮਲ ਵਿਅਕਤੀ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਵਿਅਕਤੀ ਕੋਲੋਂ 32 ਬੋਰ ਦੀ ਲਾਇਸੰਸੀ ਰਿਵਾਲਵਰ ਤੇ 6 ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ। ਅਦਾਲਤ ਵੱਲੋਂ ਉਸ ਦਾ 4 ਦਿਨਾਂ ਦਾ ਪੁਲਿਸ ਰਿਮਾਂਡ ਵੀ ਮੰਜ਼ੂਰ ਕਰ ਲਿਆ ਗਿਆ ਹੈ, ਤਾਂ ਜੋ ਹੋਰ ਤਫ਼ਤੀਸ਼ ਕੀਤੀ ਜਾ ਸਕੇ।
ਸ਼ਿਕਾਇਤਕਾਰ ਬਹਾਲ ਸਿੰਘ ਪੁੱਤਰ ਗੁਰਨਾਮ ਸਿੰਘ ਨੇ ਦੱਸਿਆ ਕਿ ਮਿਤੀ 3 ਨਵੰਬਰ 2025 ਦੀ ਸ਼ਾਮ 7 ਵਜੇ ਮੰਡੀ ਬਰੀਵਾਲਾ ਵਿੱਚ ਉਹ ਅਤੇ ਉਸ ਦਾ ਭਾਣਜਾ ਰਣਬੀਰ ਸਿੰਘ ਸੜਕ ਕਿਨਾਰੇ ਖੜ੍ਹੇ ਸਨ, ਜਦੋਂ ਮਨਪ੍ਰੀਤ ਸਿੰਘ ਵਾਸੀ ਮਰਾੜ ਕਲਾਂ ਨੇ ਅਚਾਨਕ ਉਨ੍ਹਾਂ ਉੱਤੇ ਲਾਇਸੰਸੀ ਰਿਵਾਲਵਰ ਨਾਲ ਗੋਲੀਆਂ ਚਲਾਈਆਂ। ਇਸ ਹਮਲੇ ਵਿੱਚ ਦੋਵੇਂ ਗੰਭੀਰ ਤੌਰ 'ਤੇ ਜ਼ਖ਼ਮੀ ਹੋਏ ਤੇ ਉਨ੍ਹਾਂ ਨੂੰ ਤੁਰੰਤ ਸ਼ਾਰਦਾ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ।
ਤਫ਼ਤੀਸ਼ ਦੌਰਾਨ ਖੁਲਾਸਾ ਹੋਇਆ ਕਿ ਇਹ ਹਮਲਾ ਤਿੰਨ ਮਹੀਨੇ ਪਹਿਲਾਂ ਹੋਏ ਇਕ ਝਗੜੇ ਦੀ ਰੰਜਿਸ ਕਾਰਨ ਕੀਤਾ ਗਿਆ ਸੀ। ਮਨਪ੍ਰੀਤ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਟਰੈਕਟਰ ‘ਤੇ ਆ ਕੇ ਗੋਲੀਆਂ ਚਲਾਈਆਂ। ਮਾਮਲੇ ਦੀ ਜਾਣਕਾਰੀ ਮਿਲਦਿਆਂ ਡੀਐਸਪੀ ਡੀ ਜਸਵਰਿੰਦਰ ਸਿੰਘ ਦੀ ਅਗਵਾਈ ਹੇਠ ਐਸਆਈ ਗੁਰਦੀਪ ਸਿੰਘ ਅਤੇ ਪੁਲਿਸ ਟੀਮ ਨੇ ਛਾਪਾਮਾਰੀ ਕਰਕੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਰਿਮਾਂਡ ਦੌਰਾਨ ਇਸ ਮਾਮਲੇ ਨਾਲ ਸਬੰਧਤ ਹੋਰ ਮਹੱਤਵਪੂਰਨ ਤੱਥ ਸਾਹਮਣੇ ਆਉਣ ਦੀ ਉਮੀਦ ਹੈ।

