ਬਠਿੰਡਾ ਦੇ ਪਿੰਡ ਜੀਦਾ ਵਿੱਚ ਹੋਏ ਬੰਬ ਧਮਾਕੇ ਮਾਮਲੇ ’ਚ ਗ੍ਰਿਫ਼ਤਾਰ ਮੁੱਖ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਅੱਜ ਮੁੜ ਬਠਿੰਡਾ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਭੇਜਣ ਦਾ ਫੈਸਲਾ ਕੀਤਾ ਹੈ। ਹੁਣ ਗੁਰਪ੍ਰੀਤ ਨੂੰ 30 ਸਤੰਬਰ ਨੂੰ ਫਿਰ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਉਸਦਾ 7 ਦਿਨਾਂ ਦਾ ਰਿਮਾਂਡ ਮਿਲਿਆ ਸੀ। ਪੁਲਿਸ ਦਾਅਵਾ ਕਰ ਰਹੀ ਹੈ ਕਿ ਗੁਰਪ੍ਰੀਤ ਨੇ ਆਪਣੇ ਘਰ ਵਿੱਚ ਬੰਬ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਜਾਂਚ ਦੌਰਾਨ ਕਈ ਅਹਿਮ ਸੁਰਾਗ ਸਾਹਮਣੇ ਆਏ ਹਨ, ਪਰ ਸੁਰੱਖਿਆ ਕਾਰਨਾਂ ਕਰਕੇ ਇਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਦੇ ਦੇਸ਼ ਵਿਰੋਧੀ ਤਾਕਤਾਂ ਨਾਲ ਡੂੰਘੇ ਸਬੰਧ ਹਨ। ਇਸ ਲਈ ਜਾਂਚ ਏਜੰਸੀਆਂ ਉਸ ਦੇ ਸੰਪਰਕਾਂ ਅਤੇ ਨੈੱਟਵਰਕ ’ਤੇ ਧਿਆਨ ਕੇਂਦਰਿਤ ਕਰ ਰਹੀਆਂ ਹਨ। ਅਦਾਲਤ ’ਚ ਪੇਸ਼ੀ ਦੌਰਾਨ ਪੁਲਿਸ ਨੇ ਉਸ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਅਤੇ ਕਿਸੇ ਵੀ ਬਾਹਰੀ ਵਿਅਕਤੀ ਨੂੰ ਇਮਾਰਤ ਵਿੱਚ ਦਾਖ਼ਲ ਹੋਣ ਦੀ ਮਨਜ਼ੂਰੀ ਨਹੀਂ ਦਿੱਤੀ।
ਪ੍ਰਾਪਤ ਜਾਣਕਾਰੀ ਮੁਤਾਬਕ, ਗੁਰਪ੍ਰੀਤ ਨੇ 10 ਸਤੰਬਰ ਨੂੰ ਆਨਲਾਈਨ ਧਮਾਕੇਖੇਜ਼ ਸਮੱਗਰੀ ਮੰਗਵਾਈ ਸੀ। ਸਮੱਗਰੀ ਨਾਲ ਕੰਮ ਕਰਦੇ ਸਮੇਂ ਅਚਾਨਕ ਧਮਾਕਾ ਹੋਇਆ ਜਿਸ ਵਿੱਚ ਉਹ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਘਟਨਾ ਦੌਰਾਨ ਉਸ ਦੇ ਪਿਤਾ ਨੂੰ ਵੀ ਹਸਪਤਾਲ ਤੋਂ ਘਰ ਜਾਣ ਸਮੇਂ ਅਚਾਨਕ ਹੋਏ ਧਮਾਕੇ ਵਿੱਚ ਜ਼ਖ਼ਮ ਆਏ। ਮਾਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਪੁਲਿਸ ਦੇਖ ਰਹੀ ਹੈ ਕਿ ਗੁਰਪ੍ਰੀਤ ਦੇ ਸੰਪਰਕ ਅਤੇ ਨੈੱਟਵਰਕ ਕਿਵੇਂ ਫੈਲਦੇ ਹਨ।