ਜ਼ਿਲ੍ਹਾ ਗੁਰਦਾਸਪੁਰ ਵਿੱਚ ਇਸ ਵਾਰ ਫਸਲ ਆਮਦ ਦੀ ਪ੍ਰਕਿਰਿਆ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ। ਕੁੱਲ 10 ਮਾਰਕੀਟ ਕਮੇਟੀਆਂ ਅਤੇ 92 ਮੰਡੀਆਂ ਵਿੱਚੋਂ ਅਜੇ ਤੱਕ ਸਿਰਫ਼ ਕਾਹਨੂੰਵਾਨ ਅਤੇ ਸ਼੍ਰੀ ਹਰਗੋਬਿੰਦਪੁਰ ਦੀਆਂ ਮਾਰਕੀਟ ਕਮੇਟੀਆਂ ਵਿੱਚ ਧਾਨ ਦੀ ਆਮਦ ਸ਼ੁਰੂ ਹੋਈ ਹੈ। ਬਟਾਲਾ ਮਾਰਕੀਟ ਕਮੇਟੀ ਵਿੱਚ 1509 ਕਿਸਮ ਦੇ ਧਾਨ ਦੀ ਆਮਦ ਦਰਜ ਕੀਤੀ ਗਈ ਹੈ।
ਮੰਡੀ ਅਧਿਕਾਰੀ ਜਸਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਕਿਸਾਨਾਂ ਦੀ ਸੁਵਿਧਾ ਲਈ ਸਰਕਾਰ ਵੱਲੋਂ ਹਰ ਕਿਸਮ ਦੇ ਪ੍ਰਬੰਧ ਕੀਤੇ ਗਏ ਹਨ। ਮੰਡੀਆਂ ਵਿੱਚ ਪਾਣੀ, ਬਿਜਲੀ, ਛਾਂ, ਰੋਸ਼ਨੀ ਦੀ ਵਿਵਸਥਾ ਕੀਤੀ ਗਈ ਹੈ। ਇਸ ਦੇ ਨਾਲ ਹੀ ਹੈਲਪ ਡੈਸਕ, ਅੱਗ ਬੁਝਾਊ ਜੰਤਰ ਅਤੇ ਫਸਟ ਏਡ ਬਾਕਸ ਵੀ ਉਪਲਬਧ ਕਰਵਾਏ ਗਏ ਹਨ।
ਇਸ ਵਾਰ ਐਫਸੀਆਈ ਵੱਲੋਂ ਖਰੀਦ ਦੀ ਪ੍ਰਕਿਰਿਆ ਫੇਸ ਆਈਡੈਂਟੀਫਿਕੇਸ਼ਨ ਦੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਲਈ ਸਾਰਾ ਸਟਾਫ਼ ਤਿਆਰ ਹੈ ਅਤੇ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸਰਕਾਰੀ ਖਰੀਦ ਸਿਰਫ਼ ਪਰਮਲ ਦੀ ਕੀਤੀ ਜਾਵੇਗੀ।
ਮੰਡੀ ਅਧਿਕਾਰੀ ਨੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਉਹ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਂਣ ਤਾਂ ਜੋ ਉਹਨਾਂ ਨੂੰ ਫਸਲ ਦਾ ਪੂਰਾ ਮੁੱਲ ਮਿਲ ਸਕੇ। ਨਾਲ ਹੀ ਉਨ੍ਹਾਂ ਨੇ ਪਰਾਲੀ ਨੂੰ ਨਾ ਸਾੜਨ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੇ ਵਾਤਾਵਰਨ ਅਤੇ ਆਪਣੀ ਧਰਤੀ ਨੂੰ ਬਚਾਉਣਾ ਸਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ।
ਉਨ੍ਹਾਂ ਇਹ ਵੀ ਯਕੀਨ ਦਵਾਇਆ ਕਿ ਮੰਡੀ ਦੀ ਸਫ਼ਾਈ 100% ਯਕੀਨੀ ਬਣਾਈ ਜਾਵੇਗੀ ਅਤੇ ਕਿਸਾਨਾਂ ਦੀ ਆਮਦ ਤੋਂ ਪਹਿਲਾਂ ਤੇ ਬਾਅਦ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।