ਅਮਰੀਕਾ ਦੇ ਟਰੰਪ ਪ੍ਰਸ਼ਾਸਨ ਵੱਲੋਂ ਹਰਿਆਣਾ ਦੇ 50 ਹੋਰ ਨੌਜਵਾਨਾਂ ਨੂੰ ਦੇਸ਼ ਵਾਪਸ ਭੇਜਿਆ ਗਿਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 16 ਨੌਜਵਾਨ ਕਰਨਾਲ ਜ਼ਿਲ੍ਹੇ ਤੋਂ ਹਨ, ਜਦਕਿ ਕੈਥਲ ਤੋਂ 14, ਕੁਰੂਕਸ਼ੇਤਰ ਤੋਂ 5 ਅਤੇ ਪਾਣੀਪਤ ਤੋਂ 1 ਨੌਜਵਾਨ ਸ਼ਾਮਲ ਹੈ। ਇਹਨਾਂ ਤੋਂ ਪਹਿਲਾਂ, ਇਸ ਸਾਲ ਜਨਵਰੀ ਤੋਂ ਜੁਲਾਈ ਤੱਕ ਹਰਿਆਣਾ ਤੋਂ 604 ਨੌਜਵਾਨਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ।
ਸਾਰੇ ਨੌਜਵਾਨ "ਡੰਕੀ" ਰੂਟ ਰਾਹੀਂ ਅਮਰੀਕਾ ਵਿੱਚ ਦਾਖਲ ਹੋਏ ਸਨ। ਕੁਝ ਵੱਡੀ ਮਿਆਦ ਲਈ ਉੱਥੇ ਰਹਿ ਰਹੇ ਸਨ, ਜਦਕਿ ਕੁਝ ਹਾਲ ਹੀ ਵਿੱਚ ਹੀ ਦਾਖਲ ਹੋਏ ਸਨ। ਉਮਰ ਦੇ ਹਿਸਾਬ ਨਾਲ ਇਹ ਨੌਜਵਾਨ 25 ਤੋਂ 40 ਸਾਲ ਦੇ ਦਰਮਿਆਨ ਹਨ। ਕਿਸੇ ਨੇ ਆਪਣੀ ਜ਼ਮੀਨ ਵੇਚ ਕੇ, ਤਾਂ ਕਿਸੇ ਨੇ ਕਰਜ਼ਾ ਲੈ ਕੇ ਅਮਰੀਕਾ ਜਾਣ ਦਾ ਰਾਸ਼ਤਾ ਚੁਣਿਆ।
ਡਿਪੋਰਟ ਕੀਤੇ ਨੌਜਵਾਨਾਂ ਨੂੰ ਕੈਥਲ ਪੁਲਿਸ ਲਾਈਨਾਂ ਵਿੱਚ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਡੀਐਸਪੀ ਲਲਿਤ ਯਾਦਵ ਨੇ ਦੱਸਿਆ ਕਿ ਨੌਜਵਾਨਾਂ ਵਿੱਚੋਂ ਇੱਕ ਪਾਣੀਪਤ ਦੇ ਇਸਰਾਣਾ ਪਿੰਡ ਦਾ ਰਹਿਣ ਵਾਲਾ ਹੈ। ਉਸਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ। ਪੁਲਿਸ ਇਹ ਵੀ ਜਾਂਚ ਕਰ ਰਹੀ ਹੈ ਕਿ ਉਨ੍ਹਾਂ ਵਿੱਚੋਂ ਕਿਸੇ ਦਾ ਅਪਰਾਧਿਕ ਰਿਕਾਰਡ ਹੈ ਜਾਂ ਨਹੀਂ।
ਨੌਜਵਾਨਾਂ ਨੂੰ ਜਹਾਜ਼ ਵਿੱਚ ਬੇੜੀਆਂ ਨਾਲ ਬੰਨ੍ਹ ਕੇ ਦਿੱਲੀ ਹਵਾਈ ਅੱਡੇ ਤੋਂ ਕੈਥਲ ਲਿਆ ਗਿਆ। ਜੇਕਰ ਕਿਸੇ ਦੇ ਕਾਨੂੰਨੀ ਦਸਤਾਵੇਜ਼ਾਂ ਵਿੱਚ ਗਲਤੀ ਪਾਈ ਜਾਂਦੀ ਹੈ, ਤਾਂ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬਾਕੀ ਨੌਜਵਾਨਾਂ ਨੂੰ ਜਾਂਚ ਤੋਂ ਬਾਅਦ ਪਰਿਵਾਰਾਂ ਨੂੰ ਸੁਪੁਰਦ ਕਰ ਦਿੱਤਾ ਜਾਵੇਗਾ।
ਇੱਕ ਨੌਜਵਾਨ ਨੇ ਦੱਸਿਆ ਕਿ 3 ਨਵੰਬਰ ਨੂੰ ਇੱਕ ਹੋਰ ਉਡਾਣ ਭਾਰਤ ਆਉਣ ਦੀ ਉਮੀਦ ਹੈ, ਜਿਸ ਵਿੱਚ ਕੈਥਲ ਅਤੇ ਆਸ-ਪਾਸ ਦੇ ਹੋਰ ਨੌਜਵਾਨ ਡਿਪੋਰਟ ਹੋ ਸਕਦੇ ਹਨ। ਡੀਐਸਪੀ ਲਲਿਤ ਯਾਦਵ ਨੇ ਦੱਸਿਆ ਕਿ ਹੁਣ ਤੱਕ ਕਿਸੇ ਨੇ ਏਜੰਟਾਂ ਵਿਰੁੱਧ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ। ਜੇਕਰ ਕੋਈ ਸ਼ਿਕਾਇਤ ਮਿਲਦੀ ਹੈ, ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

