
ਪੰਜਾਬ ਦੀਆਂ ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਮਹੱਤਵਪੂਰਨ ਖ਼ਬਰ ਹੈ। ਪੰਜਾਬ ਰੋਡਵੇਜ਼, ਪਨਬਸ ਅਤੇ PRTC ਕੰਟਰੈਕਟ ਵਰਕਰਜ਼ ਯੂਨੀਅਨਾਂ ਵੱਲੋਂ ਕੱਲ੍ਹ ਵੀਰਵਾਰ ਨੂੰ ਸੂਬੇ ਭਰ ਵਿੱਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਰੋਸ ਪ੍ਰਦਰਸ਼ਨ ਸਰਕਾਰ ਵੱਲੋਂ ਲਾਗੂ ਕੀਤੀ ਜਾ ਰਹੀ ਨਵੀਂ ਕਿਲੋਮੀਟਰ ਸਕੀਮ ਦੇ ਖ਼ਿਲਾਫ਼ ਕੀਤਾ ਜਾ ਰਿਹਾ ਹੈ, ਜਿਸ ਅਧੀਨ ਨਵੀਆਂ ਪ੍ਰਾਈਵੇਟ ਬੱਸਾਂ ਨੂੰ ਚਲਾਉਣ ਲਈ ਟੈਂਡਰ ਜਾਰੀ ਕੀਤੇ ਜਾ ਰਹੇ ਹਨ।
ਯੂਨੀਅਨ ਨੇ ਦੱਸਿਆ ਕਿ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਭਲਕੇ (ਵੀਰਵਾਰ) ਸਰਕਾਰ ਵਲੋਂ ਇਸ ਸਕੀਮ ਤਹਿਤ ਬੱਸਾਂ ਦੇ ਟੈਂਡਰ ਖੋਲ੍ਹੇ ਜਾਣੇ ਹਨ, ਜਿਸ ਦਾ ਵਿਰੋਧ ਕਰਦੇ ਹੋਏ ਮੁਲਾਜ਼ਮ 12 ਵਜੇ ਤੋਂ 2 ਵਜੇ ਤੱਕ ਰਾਜ ਦੇ ਸਾਰੇ ਬੱਸ ਡੀਪੂਆਂ ਅਤੇ ਬੱਸ ਸਟੈਂਡਾਂ ਅੱਗੇ ਧਰਨਾ ਲਗਾਉਣਗੇ। ਇਸ ਤੋਂ ਬਾਅਦ ਦੁਪਹਿਰ 2 ਵਜੇ ਤੋਂ ਨੈਸ਼ਨਲ ਹਾਈਵੇ ਬੰਦ ਕਰਨ ਦੀ ਕਾਰਵਾਈ ਸ਼ੁਰੂ ਹੋਵੇਗੀ।
ਮੁਲਾਜ਼ਮ ਯੂਨੀਅਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ, ਤਾਂ ਕੱਲ੍ਹ ਦੁਪਹਿਰ ਤੋਂ ਬਾਅਦ ਸੂਬੇ ਭਰ ਦੀਆਂ ਸਾਰੀਆਂ ਰੋਡਵੇਜ਼ ਅਤੇ ਪਨਬਸ ਸੇਵਾਵਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹਰ ਵਾਰ ਸਰਕਾਰ ਆਪਣੇ ਹੀ ਕੀਤੇ ਵਾਅਦਿਆਂ ਤੋਂ ਮੁੱਕਰ ਜਾਂਦੀ ਹੈ।
ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਪ੍ਰਾਈਵੇਟ ਬੱਸਾਂ ਨੂੰ ਵਿਭਾਗ ਦੇ ਅਧੀਨ ਲਿਆਂਦੇ ਜਾਣ ਨਾਲ ਸਰਕਾਰੀ ਬੱਸ ਵਿਭਾਗ ਦੇ ਖਤਮ ਹੋਣ ਦਾ ਖ਼ਤਰਾ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਹੀ ਸਰਕਾਰ ਕੋਲ ਤਨਖਾਹਾਂ ਦੇਣ ਲਈ ਪੈਸਿਆਂ ਦੀ ਕਮੀ ਹੈ, ਜਿਸ ਕਾਰਨ ਮੁਲਾਜ਼ਮਾਂ ਨੂੰ ਹਮੇਸ਼ਾ ਸੰਘਰਸ਼ ਰਾਹੀਂ ਆਪਣਾ ਹੱਕ ਲੈਣਾ ਪੈਂਦਾ ਹੈ।
ਜੇਕਰ ਮੁਲਾਜ਼ਮਾਂ ਦਾ ਇਹ ਰੋਸ ਪ੍ਰਦਰਸ਼ਨ ਜਾਰੀ ਰਹਿੰਦਾ ਹੈ, ਤਾਂ ਕੱਲ੍ਹ ਸੂਬੇ ਭਰ ਵਿੱਚ ਰੋਡਵੇਜ਼ ਅਤੇ ਪਨਬਸ ਬੱਸ ਸੇਵਾਵਾਂ ਬਹੁਤ ਪ੍ਰਭਾਵਿਤ ਹੋ ਸਕਦੀਆਂ ਹਨ, ਜਿਸ ਨਾਲ ਆਮ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
