ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਸ਼ਾਮ ਇੱਕ ਦਰਦਨਾਕ ਰੇਲ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਕ, ਜੈਰਾਮ ਨਗਰ ਸਟੇਸ਼ਨ ਨੇੜੇ ਗੇਵਰਾ ਰੋਡ–ਬਿਲਾਸਪੁਰ ਮੇਮੂ ਲੋਕਲ ਟ੍ਰੇਨ (ਨੰ. 68733) ਦੀ ਇੱਕ ਮਾਲ ਗੱਡੀ ਨਾਲ ਭਿਆਨਕ ਟੱਕਰ ਹੋ ਗਈ। ਇਹ ਹਾਦਸਾ ਗਟੋਾਰਾ ਅਤੇ ਬਿਲਾਸਪੁਰ ਸਟੇਸ਼ਨ ਦੇ ਵਿਚਕਾਰ ਅਪ ਲਾਈਨ ‘ਤੇ ਸ਼ਾਮ ਲਗਭਗ 4 ਵਜੇ ਦੇ ਕਰੀਬ ਵਾਪਰਿਆ।
ਮੌਕੇ ਤੋਂ ਮਿਲ ਰਹੀ ਮੁੱਢਲੀ ਜਾਣਕਾਰੀ ਅਨੁਸਾਰ, 6 ਯਾਤਰੀਆਂ ਦੀ ਮੌਤ ਹੋ ਗਈ ਹੈ ਜਦਕਿ 2 ਤੋਂ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹਨ। ਸਾਰੇ ਜ਼ਖਮੀਆਂ ਨੂੰ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਰੇਲਵੇ ਪ੍ਰਸ਼ਾਸਨ ਨੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ, ਅਤੇ ਸੀਨੀਅਰ ਰੇਲਵੇ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ। ਬਚਾਅ ਟੀਮਾਂ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਵਿੱਚ ਜੁਟੀ ਹੋਈਆਂ ਹਨ।
ਦੱਖਣ ਪੂਰਬੀ ਕੇਂਦਰੀ ਰੇਲਵੇ (SECR) ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ਕਾਰਨ ਅਪ ਲਾਈਨ ‘ਤੇ ਰੇਲ ਆਵਾਜਾਈ ਠੱਪ ਹੋ ਗਈ ਹੈ। ਟ੍ਰੈਫ਼ਿਕ ਨੂੰ ਦੁਬਾਰਾ ਸੁਚਾਰੂ ਕਰਨ ਲਈ ਐਮਰਜੈਂਸੀ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਰੇਲਵੇ ਪ੍ਰਬੰਧਨ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਜਾਰੀ ਹੈ ਅਤੇ ਟੱਕਰ ਦੇ ਅਸਲ ਕਾਰਨ ਦਾ ਪਤਾ ਲਗਾਉਣ ਲਈ ਵਿਸ਼ੇਸ਼ ਟੀਮ ਤਾਇਨਾਤ ਕੀਤੀ ਗਈ ਹੈ।
ਇਸ ਦੁਰਘਟਨਾ ਨੇ ਇਲਾਕੇ ਵਿੱਚ ਦਹਿਸ਼ਤ ਅਤੇ ਦੁੱਖ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸਥਾਨਕ ਲੋਕਾਂ ਦੀ ਵੱਡੀ ਗਿਣਤੀ ਮੌਕੇ ‘ਤੇ ਇਕੱਠੀ ਹੋ ਗਈ ਅਤੇ ਉਹ ਬਚਾਅ ਕਾਰਜਾਂ ਵਿੱਚ ਸਹਿਯੋਗ ਦੇ ਰਹੇ ਹਨ। ਰੇਲਵੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ ਮਦਦ ਦਾ ਐਲਾਨ ਜਲਦੀ ਕਰਨ ਦੀ ਸੰਭਾਵਨਾ ਹੈ।

