ਪੰਜਾਬ ਵਿੱਚ ਠੰਢ ਦਾ ਪ੍ਰਕੋਪ ਤੇਜ਼ ਹੋ ਗਿਆ ਹੈ। ਮੌਸਮ ਵਿਭਾਗ ਨੇ ਸੂਬੇ ਦੇ ਅੱਠ ਜ਼ਿਲ੍ਹਿਆਂ ਵਿੱਚ ਸੀਤ ਲਹਿਰ ਦੇ ਪ੍ਰਭਾਵ ਕਾਰਨ ਅਗਲੇ 72 ਘੰਟਿਆਂ ਲਈ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ, ਅਤੇ ਲੋਕਾਂ ਨੂੰ ਠੰਢ ਤੋਂ ਬਚਾਅ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।
ਇਸ ਸੀਤ ਲਹਿਰ ਦੇ ਮੱਦੇਨਜ਼ਰ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਦੀ ਸਿਹਤ ਨੂੰ ਲੈ ਕੇ ਖਾਸ ਚੌਕਸੀ ਵਰਤਣ ਦੀ ਲੋੜ ਹੈ। ਮੌਸਮ ਵਿਗਿਆਨ ਕੇਂਦਰ ਅਨੁਸਾਰ, ਆਉਣ ਵਾਲੇ ਕੁਝ ਦਿਨਾਂ ਤੱਕ ਠੰਢ ਦਾ ਜ਼ੋਰ ਇਸੇ ਤਰ੍ਹਾਂ ਜਾਰੀ ਰਹਿਣ ਦੀ ਸੰਭਾਵਨਾ ਹੈ।
ਠੰਢ ਦੀ ਲਪੇਟ ਵਿੱਚ ਆਏ ਜ਼ਿਲ੍ਹੇ:
ਮੌਸਮ ਵਿਭਾਗ ਦੇ ਅਨੁਸਾਰ, ਫਿਲਹਾਲ ਪੰਜਾਬ ਦੇ ਅੱਠ ਜ਼ਿਲ੍ਹੇ ਠੰਢ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਇਨ੍ਹਾਂ ਵਿੱਚ ਜਲੰਧਰ, ਫਿਰੋਜ਼ਪੁਰ, ਮੋਗਾ, ਫਰੀਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ ਅਤੇ ਮਾਨਸਾ ਸ਼ਾਮਲ ਹਨ। ਅੱਜ ਸਵੇਰੇ, ਕੁਝ ਹਿੱਸਿਆਂ ਵਿੱਚ ਹਲਕੀ ਧੁੰਦ ਵੀ ਦੇਖੀ ਗਈ ਹੈ।ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 72 ਘੰਟਿਆਂ ਦੌਰਾਨ ਸੀਤ ਲਹਿਰ ਦਾ ਘੇਰਾ ਹੋਰ ਵਧੇਗਾ ਅਤੇ ਲਗਭਗ 11 ਜ਼ਿਲ੍ਹੇ ਇਸਦੀ ਲਪੇਟ ਵਿੱਚ ਆ ਜਾਣਗੇ।
ਤਾਪਮਾਨ ਆਮ ਨਾਲੋਂ ਹੇਠਾਂ:
ਪੰਜਾਬ ਵਿੱਚ ਤਾਪਮਾਨ ਆਮ ਨਾਲੋਂ ਕਾਫੀ ਹੇਠਾਂ ਚੱਲ ਰਿਹਾ ਹੈ। ਸੋਮਵਾਰ ਸ਼ਾਮ ਨੂੰ ਦਰਜ ਕੀਤਾ ਗਿਆ ਰਾਜ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਲਗਭਗ 1.9 ਡਿਗਰੀ ਘੱਟ ਸੀ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਕਿਸੇ ਖਾਸ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ।ਮੌਸਮ ਖੁਸ਼ਕ ਰਹਿਣ ਦੀ ਭਵਿੱਖਬਾਣੀ ਕੀਤੀ ਗਈ ਹੈ, ਅਤੇ ਅਗਲੇ ਹਫ਼ਤੇ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਠੰਢ ਤੋਂ ਬਚਣ ਲਈ ਲੋਕਾਂ ਨੂੰ ਸਾਰੇ ਜ਼ਰੂਰੀ ਪ੍ਰਬੰਧ ਕਰਨ ਦੀ ਸਲਾਹ ਦਿੱਤੀ ਗਈ ਹੈ।

