ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਇੱਕ ਦਿਲਚਸਪ ਮੋੜ ਆਇਆ ਹੈ। ਪਿਛਲੇ ਦਿਨੀਂ ਮਸ਼ਹੂਰ ਪੰਜਾਬੀ ਗਾਇਕ ਸੱਬੇ ਦੇ ਪਿਤਾ ਕਾਲਾ ਸਿੰਘ ਨੂੰ ਆਮ ਆਦਮੀ ਪਾਰਟੀ (ਆਪ) ਵੱਲੋਂ ਬਲਾਕ ਸੰਮਤੀ ਜ਼ੋਨ ਮਰਾੜ ਕਲਾਂ (ਮੁਕਤਸਰ) ਤੋਂ ਉਮੀਦਵਾਰ ਐਲਾਨਿਆ ਗਿਆ ਸੀ, ਪਰ ਹੁਣ ਉਨ੍ਹਾਂ ਨੇ ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਕਾਲਾ ਸਿੰਘ ਅਤੇ ਉਨ੍ਹਾਂ ਦੇ ਬੇਟੇ (ਗਾਇਕ ਸੱਬੇ ਦੇ ਭਰਾ) ਨੇ ਇੱਕ ਟੈਲੀਫੋਨ ਕਾਲ ਰਾਹੀਂ ਇਸ ਫੈਸਲੇ ਬਾਰੇ ਸਪੱਸ਼ਟਤਾ ਦਿੱਤੀ ਹੈ।
ਫੋਟੋਆਂ ਖਿਚਾਉਣ ਵੇਲੇ ਨਹੀਂ ਦਿੱਤੀ ਗਈ ਸੀ ਜਾਣਕਾਰੀ
ਕਾਲਾ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਸ ਸਮੇਂ ਸਥਾਨਕ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਉਨ੍ਹਾਂ ਨੂੰ ਉਮੀਦਵਾਰ ਐਲਾਨਿਆ ਸੀ ਅਤੇ ਫੋਟੋਆਂ ਖਿਚਵਾਈਆਂ ਗਈਆਂ ਸਨ, ਉਸ ਸਮੇਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਨ੍ਹਾਂ ਨੂੰ 'ਆਪ' ਦੇ ਚੋਣ ਨਿਸ਼ਾਨ 'ਤੇ ਉਮੀਦਵਾਰ ਬਣਾਇਆ ਜਾ ਰਿਹਾ ਹੈ।
ਕਾਲਾ ਸਿੰਘ ਨੇ ਸਾਫ਼ ਕੀਤਾ, "ਅਸੀਂ ਆਮ ਆਦਮੀ ਪਾਰਟੀ ਵੱਲੋਂ ਚੋਣ ਨਹੀਂ ਲੜਾਂਗੇ।" ਉਨ੍ਹਾਂ ਕਿਹਾ ਕਿ ਉਹ ਮਰਾੜ ਕਲਾਂ ਜ਼ੋਨ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ, ਪਰ 'ਆਪ' ਦੀ ਟਿਕਟ 'ਤੇ ਲੜਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ।
ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਬੀਤੇ ਦਿਨੀਂ ਜਨਤਕ ਤੌਰ 'ਤੇ ਕਾਲਾ ਸਿੰਘ ਨੂੰ ਪਾਰਟੀ ਦਾ ਉਮੀਦਵਾਰ ਐਲਾਨਿਆ ਸੀ। ਇਸ ਫੈਸਲੇ ਤੋਂ ਬਾਅਦ ਗਾਇਕ ਸੱਬੇ ਦੇ ਪਰਿਵਾਰ ਵੱਲੋਂ ਇਹ ਨਵਾਂ ਬਿਆਨ, ਸਥਾਨਕ ਰਾਜਨੀਤੀ ਵਿੱਚ ਇੱਕ ਨਵਾਂ ਮੋੜ ਲੈ ਆਇਆ ਹੈ।

