
4 ਮਈ ਨੂੰ ਅਸਾਮ ਵਿਧਾਨ ਸਭਾ ਚੋਣਾਂ ਦੇ ਨਤੀਜੇ ਆਏ, ਜਿਸ ਵਿੱਚ ਐਨਡੀਏ (NDA) ਗਠਜੋੜ ਨੂੰ ਵੱਡੀ ਜਿੱਤ ਹਾਸਲ ਹੋਈ। ਇਸ ਤੋਂ ਬਾਅਦ ਅੱਜ ਬੁੱਧਵਾਰ ਨੂੰ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਰਾਜਪਾਲ ਲਛਮਣ ਪ੍ਰਸਾਦ ਆਚਾਰੀਆ ਨੂੰ ਆਪਣਾ ਰਸਮੀ ਅਸਤੀਫ਼ਾ ਸੌਂਪ ਦਿੱਤਾ। ਹੁਣ ਖ਼ਬਰ ਸਾਹਮਣੇ ਆਈ ਹੈ ਕਿ ਅਸਾਮ ਵਿੱਚ 12 ਮਈ ਨੂੰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ। ਯਾਨੀ ਹਿਮੰਤ ਬਿਸਵਾ ਸਰਮਾ ਇੱਕ ਵਾਰ ਫਿਰ 12 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ।
ਹਿਮੰਤ ਬਿਸਵਾ ਸਰਮਾ ਨੇ ਅੱਜ ਆਪਣੇ ਕੈਬਨਿਟ ਸਾਥੀਆਂ ਸਮੇਤ ਅਸਤੀਫ਼ਾ ਦੇ ਦਿੱਤਾ, ਜਿਸ ਨਾਲ ਭਾਜਪਾ ਦੀ ਅਗਵਾਈ ਵਿੱਚ ਨਵੀਂ ਸਰਕਾਰ ਦੇ ਗਠਨ ਦਾ ਰਸਤਾ ਸਾਫ਼ ਹੋ ਗਿਆ ਹੈ। ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੇ 126 ਮੈਂਬਰੀ ਵਿਧਾਨ ਸਭਾ ਵਿੱਚ 102 ਸੀਟਾਂ ਜਿੱਤੀਆਂ ਹਨ। ਅਸਾਮ ਵਿੱਚ ਵਿਧਾਨ ਸਭਾ ਚੋਣਾਂ 9 ਅਪ੍ਰੈਲ ਨੂੰ ਇੱਕੋ ਪੜਾਅ ਵਿੱਚ ਹੋਈਆਂ ਸਨ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਹੋਈ ਸੀ।
ਮੁੱਖ ਮੰਤਰੀ ਦਫ਼ਤਰ ਨੇ 'X' (ਪਹਿਲਾਂ ਟਵਿੱਟਰ) 'ਤੇ ਇੱਕ ਪੋਸਟ ਵਿੱਚ ਕਿਹਾ, "ਅਸਾਮ ਚੋਣਾਂ 2026 ਦੇ ਨਤੀਜਿਆਂ ਦੀ ਰਸਮੀ ਨੋਟੀਫਿਕੇਸ਼ਨ ਤੋਂ ਬਾਅਦ ਅਤੇ ਨਵੀਂ ਸਰਕਾਰ ਦੇ ਗਠਨ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਡਾ. ਹਿਮੰਤ ਬਿਸਵਾ ਸਰਮਾ ਨੇ ਅੱਜ ਲੋਕ ਭਵਨ ਵਿਖੇ ਮਾਨਯੋਗ ਰਾਜਪਾਲ ਲਛਮਣ ਆਚਾਰੀਆ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਸੌਂਪ ਦਿੱਤਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਕੈਬਨਿਟ ਸਾਥੀਆਂ ਨੇ ਵੀ ਅਸਤੀਫ਼ੇ ਦੇ ਦਿੱਤੇ ਹਨ।"
ਪੋਸਟ ਵਿੱਚ ਦੱਸਿਆ ਗਿਆ ਕਿ ਰਾਜਪਾਲ ਨੇ ਅਸਤੀਫ਼ਾ ਸਵੀਕਾਰ ਕਰ ਲਿਆ ਹੈ ਅਤੇ ਨਵੀਂ ਸਰਕਾਰ ਦੇ ਅਹੁਦਾ ਸੰਭਾਲਣ ਤੱਕ ਸਰਮਾ ਨੂੰ ਕਾਰਜਕਾਰੀ ਮੁੱਖ ਮੰਤਰੀ ਵਜੋਂ ਬਣੇ ਰਹਿਣ ਦੀ ਅਪੀਲ ਕੀਤੀ ਹੈ। ਬਾਅਦ ਵਿੱਚ ਲੋਕ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਮਾ ਨੇ ਕਿਹਾ ਕਿ ਸਹੁੰ ਚੁੱਕ ਸਮਾਗਮ 11 ਮਈ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, "ਇਹ ਇੱਕ ਇਤਿਹਾਸਕ ਜਿੱਤ ਹੈ, ਇਸ ਲਈ ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮੌਕੇ ਹਾਜ਼ਰ ਹੋਣ ਲਈ ਸੱਦਾ ਦਿੱਤਾ ਹੈ।" ਸਰਮਾ ਨੇ ਦੱਸਿਆ ਕਿ ਅਸਾਮ ਦੇ ਨਵੇਂ ਮੁੱਖ ਮੰਤਰੀ ਦੀ ਚੋਣ ਕੇਂਦਰੀ ਨਿਗਰਾਨਾਂ ਦੀ ਮੌਜੂਦਗੀ ਵਿੱਚ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵਿੱਚ ਕੀਤੀ ਜਾਵੇਗੀ।
