ਹਲਵਾਰਾ ਏਅਰਪੋਰਟ ਤੋਂ ਦਿੱਲੀ ਜਾ ਰਹੀ ਫਲਾਈਟ ‘ਚ ਆਈ ਤਕਨੀਕੀ ਖਰਾਬੀ
– ਰਨਵੇ ‘ਤੋਂ ਵਾਪਸ ਮੋੜਿਆ ਜਹਾਜ਼, ਯਾਤਰੀ ਪਰੇਸ਼ਾਨ
ਲੁਧਿਆਣਾ, 8 ਅਗਸਤ 2026 (ਵਿਸ਼ਵ ਵਾਰਤਾ) – ਹਲਵਾਰਾ ਇੰਟਰਨੈਸ਼ਨਲ ਏਅਰਪੋਰਟ ਤੋਂ ਦਿੱਲੀ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੇ ਉਡਾਣ ਭਰਨ ਤੋਂ ਠੀਕ ਪਹਿਲਾਂ ਤਕਨੀਕੀ ਸਮੱਸਿਆ ਆ ਗਈ। ਜਿਸ ਕਾਰਨ 50 ਦੇ ਕਰੀਬ ਯਾਤਰੀਆਂ ਦੇ ਸਾਹ ਸੁੱਕ ਗਏ।
ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਰਨਵੇ ਵੱਲ ਵਧ ਰਿਹਾ ਸੀ, ਉਦੋਂ ਹੀ ਅਚਾਨਕ ਉਸ ਵਿੱਚੋਂ ਤੇਜ਼ ਆਵਾਜ਼ ਸੁਣਾਈ ਦਿੱਤੀ। ਆਵਾਜ਼ ਸੁਣਦੇ ਹੀ ਪਾਇਲਟ ਨੇ ਜਹਾਜ਼ ਨੂੰ ਅੱਗੇ ਲੈ ਜਾਣ ਦੀ ਬਜਾਏ ਵਾਪਸ ਐਪਰਨ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਤਕਨੀਕੀ ਖਰਾਬੀ ਸਾਹਮਣੇ ਆਉਣ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਜਹਾਜ਼ ਤੋਂ ਉਤਾਰ ਕੇ ਬੱਸਾਂ ਰਾਹੀਂ ਸੁਰੱਖਿਅਤ ਟਰਮੀਨਲ ਬਿਲਡਿੰਗ ਤੱਕ ਪਹੁੰਚਾਇਆ ਗਿਆ।
ਇਹ ਘਟਨਾ ਬੀਤੇ ਕੱਲ੍ਹ ਦੁਪਹਿਰ ਲਗਭਗ 2:40 ਵਜੇ ਵਾਪਰੀ। ਜਿਸ ਤੋਂ ਬਾਅਦ ਜਹਾਜ਼ ਦੀ ਜਾਂਚ ਕੀਤੀ ਗਈ ਅਤੇ ਜ਼ਰੂਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਫਲਾਈਟ ਲਗਭਗ 4 ਘੰਟੇ ਦੀ ਦੇਰੀ ਨਾਲ ਦਿੱਲੀ ਲਈ ਰਵਾਨਾ ਹੋਈ।ਹਾਲਾਂਕਿ, ਇਸ ਘਟਨਾ ਦੇ ਕਾਰਨ ਯਾਤਰੀਆਂ ਨੂੰ ਏਅਰਪੋਰਟ ‘ਤੇ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ।
