ਪੰਜਾਬ ਵਿੱਚ ਨਸ਼ੇ ਦੀ ਲਤ ਕਿਵੇਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਰਹੀ ਹੈ, ਇਸ ਦੀ ਇੱਕ ਦਰਦਨਾਕ ਮਿਸਾਲ ਗੁਰੂ ਹਰਸਹਾਏ ਨੇੜਲੇ ਪਿੰਡ ਮੋਹਨ ਕੇ ਉਤਾੜ ਵਿੱਚ ਦੇਖਣ ਨੂੰ ਮਿਲੀ ਹੈ। ਇੱਥੇ ਇੱਕ ਨਸ਼ੇੜੀ ਪੁੱਤਰ ਨੇ ਨਸ਼ੇ ਲਈ ਪੈਸੇ ਨਾ ਦੇਣ 'ਤੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।
ਮ੍ਰਿਤਕ ਔਰਤ ਦੀ ਪਛਾਣ ਕੋਡਾ ਬੀਬੀ ਵਜੋਂ ਹੋਈ ਹੈ, ਜਿਸ ਦਾ ਕਤਲ ਉਸ ਦੇ 30 ਸਾਲਾ ਪੁੱਤਰ ਨਾਨਕ ਸਿੰਘ ਨੇ ਕੀਤਾ, ਜੋ ਕਿ ਲੰਬੇ ਸਮੇਂ ਤੋਂ ਨਸ਼ੇ ਦਾ ਆਦੀ ਸੀ। ਨਸ਼ੇ ਦੀ ਇਸੇ ਬੁਰੀ ਆਦਤ ਕਾਰਨ ਉਸ ਦੀ ਪਤਨੀ ਵੀ ਉਸ ਨੂੰ ਛੱਡ ਕੇ ਚਲੀ ਗਈ ਸੀ ਅਤੇ ਉਹ ਇੱਕ ਧੀ ਦਾ ਪਿਤਾ ਹੈ।
ਲੋਹੇ ਦੇ ਤ੍ਰਿਸ਼ੂਲ ਨਾਲ ਕੀਤਾ ਵਾਰ
ਪਿੰਡ ਦੇ ਸਰਪੰਚ ਪੂਰਨ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਨਾਨਕ ਸਿੰਘ ਅਕਸਰ ਪੈਸਿਆਂ ਲਈ ਆਪਣੀ ਮਾਂ 'ਤੇ ਹਮਲਾ ਕਰਦਾ ਰਹਿੰਦਾ ਸੀ। ਅੱਜ, ਜਦੋਂ ਉਸ ਨੂੰ ਨਸ਼ੇ ਲਈ ਪੈਸੇ ਨਹੀਂ ਮਿਲੇ, ਤਾਂ ਉਹ ਗੁੱਸੇ ਵਿੱਚ ਆ ਗਿਆ ਅਤੇ ਕੋਡਾ ਬੀਬੀ ਨੂੰ ਬੁਰੀ ਤਰ੍ਹਾਂ ਕੁੱਟਣਾ ਸ਼ੁਰੂ ਕਰ ਦਿੱਤਾ। ਗੁੱਸੇ ਦੀ ਹਾਲਤ ਵਿੱਚ ਉਸ ਨੇ ਲੋਹੇ ਦੇ ਤ੍ਰਿਸ਼ੂਲ ਨਾਲ ਆਪਣੀ ਮਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਕੋਡਾ ਬੀਬੀ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਰਾਹਗੀਰਾਂ ਨੇ ਕੁੱਟਮਾਰ ਹੁੰਦੀ ਦੇਖ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ, ਪਰ ਜਦੋਂ ਤੱਕ ਉਹ ਦਖਲ ਦਿੰਦੇ, ਬਹੁਤ ਦੇਰ ਹੋ ਚੁੱਕੀ ਸੀ।
ਪੁਲਿਸ ਨੇ ਦੋਸ਼ੀ ਨੂੰ ਲਿਆ ਹਿਰਾਸਤ ਵਿੱਚ
ਘਟਨਾ ਦੀ ਸੂਚਨਾ ਮਿਲਦੇ ਹੀ ਗੁਰੂ ਹਰਸਹਾਏ ਪੁਲਿਸ ਸਟੇਸ਼ਨ ਦੇ ਮੁਖੀ ਇੰਸਪੈਕਟਰ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਦੋਸ਼ੀ ਨਾਨਕ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਕਾਨੂੰਨੀ ਕਾਰਵਾਈ ਲਈ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਨੇ ਚਸ਼ਮਦੀਦਾਂ ਦੇ ਬਿਆਨਾਂ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਾਸੀਆਂ ਅਨੁਸਾਰ, ਨਾਨਕ ਸਿੰਘ ਦੇ ਪਿਤਾ ਦਾ ਪਹਿਲਾਂ ਹੀ ਦੇਹਾਂਤ ਹੋ ਚੁੱਕਾ ਸੀ ਅਤੇ ਘਰ ਵਿੱਚ ਸਿਰਫ਼ ਮਾਂ ਅਤੇ ਪੁੱਤਰ ਹੀ ਰਹਿੰਦੇ ਸਨ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਸਨਸਨੀ ਫੈਲਾ ਦਿੱਤੀ ਹੈ।

