ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਖਿਲਾਫ਼ ਰਿਸ਼ਵਤ ਮਾਮਲੇ ‘ਚ ਸੀਬੀਆਈ ਨੇ ਚਾਰਜਸ਼ੀਟ ਦਾਖਲ ਕਰ ਦਿੱਤੀ ਹੈ। ਮਾਮਲੇ ‘ਚ ਭੁੱਲਰ ਦੇ ਵਿਚੋਲੇ ਕ੍ਰਿਸ਼ਨੂੰ ਸ਼ਾਰਦਾ ਨੂੰ ਵੀ ਆਰੋਪੀ ਬਣਾਇਆ ਗਿਆ ਹੈ। ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਚਾਰਜਸ਼ੀਟ ਦਾਖਲ ਕੀਤੀ ਗਈ ਹੈ। ਪਹਿਲਾਂ ਇਹ ਚਰਚਾ ਸੀ ਕਿ ਸੀਬੀਆਈ ਇਸ ਮਾਮਲੇ ‘ਚ 15 ਦਸੰਬਰ ਨੂੰ ਚਾਰਜਸ਼ੀਟ ਦਾਖਲ ਕਰੇਗੀ। ਭੁੱਲਰ ਦਾ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ ਤੇ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਉਸ ਨੂੰ ਚਾਰਜਸ਼ੀਟ ਦੀ ਕਾਪੀ ਵੀ ਦਿੱਤੀ ਜਾਵੇਗੀ। ਹਰਚਰਨ ਸਿੰਘ ਭੁੱਲਰ ਨੂੰ 16 ਅਕਤੂਬਰ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ‘ਤੇ ਲੱਖਾਂ ਦੀ ਰਿਸ਼ਵਤ ਲੈਣ ਦੇ ਇਲਜ਼ਾਮ ‘ਚ ਕਾਰਵਾਈ ਕੀਤੀ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ‘ਚ ਛਾਪਾ ਮਾਰਿਆ ਗਿਆ, ਜਿੱਥੇ ਸੀਬੀਆਈ ਨੂੰ ਕਰੀਬ 7 ਕਰੋੜ 50 ਲੱਖ ਕੈਸ਼, ਕਈ ਮਹਿੰਗੀਆਂ ਲਗਜ਼ਰੀ ਘੜੀਆਂ, ਇੰਪੋਰਟਡ ਸ਼ਰਾਬ ਤੇ ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਸਨ।
ਸਸਪੈਂਡਡ ਡੀਆਈਜੀ ਹਰਚਰਨ ਸਿੰਘ ਭੁੱਲਰ ਵੱਲੋਂ ਆਪਣੀ ਗ੍ਰਿਫ਼ਤਾਰੀ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ‘ਤੇ ਹਾਈ ਕੋਰਟ ਨੇ ਸਰਕਾਰ ਨੂੰ ਹੁਕਮ ਕੀਤਾ ਹੈ ਕਿ ਉਹ ਦਿੱਲੀ ਸਪੈਸ਼ਲ ਪੁਲਿਸ ਇਸਟੈਬਲਿਸ਼ਮੈਂਟ (ਡੀਐਸਪੀਈ) ਐਕਟ ਦੀ ਧਾਰਾ 5 ਤੇ 51 ਤਹਿਤ ਜਾਰੀ ਕਿਸੇ ਵੀ ਹੁਕਮ ਦੀ ਕਾਪੀ ਦਾ ਰਿਕਾਰਡ ਅਦਾਲਤ ‘ਚ ਪੇਸ਼ ਕਰੇ।

