
ਮੋਹਾਲੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਗ੍ਰਾਊਂਡ ਵਿੱਚ ਖੇਡ ਰਹੇ ਬੱਚਿਆਂ ‘ਤੇ ਅਚਾਨਕ ਮਧੂ-ਮੱਖੀਆਂ ਨੇ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕਰੀਬ 35 ਤੋਂ 40 ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਨੇੜਲੇ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ, ਬੱਚਿਆਂ ਨੂੰ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਤੇ 6 ਤੋਂ 7 ਡੰਗ ਲੱਗੇ, ਜਿਸ ਕਾਰਨ ਉਹ ਬਹੁਤ ਦਰਦ ਵਿੱਚ ਸਨ।
ਇਸ ਦੌਰਾਨ ਮਾਪਿਆਂ ਵਿੱਚ ਗੁੱਸਾ ਫੈਲ ਗਿਆ ਕਿਉਂਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਕੂਲ ਪ੍ਰਬੰਧਨ ਨੇ ਉਨ੍ਹਾਂ ਨੂੰ ਸਮੇਂ ‘ਤੇ ਘਟਨਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਕਈ ਮਾਪੇ ਹਸਪਤਾਲ ਪਹੁੰਚ ਕੇ ਹੰਗਾਮਾ ਕਰਨ ਲੱਗੇ ਅਤੇ ਦੋਸ਼ ਲਗਾਇਆ ਕਿ ਸਕੂਲ ਵੱਲੋਂ ਨਾ ਫੋਨ ਕੀਤਾ ਗਿਆ ਅਤੇ ਨਾ ਹੀ ਪੈਰੇਂਟਸ ਗਰੁੱਪ ਵਿੱਚ ਕੋਈ ਸੁਚਨਾ ਦਿੱਤੀ ਗਈ।
ਮਾਪਿਆਂ ਦਾ ਕਹਿਣਾ ਹੈ ਕਿ ਜਿੱਥੇ ਫੀਸਾਂ ਦੇ ਮਾਮਲੇ ਵਿੱਚ ਸਕੂਲ ਤੁਰੰਤ ਸੰਪਰਕ ਕਰਦਾ ਹੈ, ਉੱਥੇ ਇੰਨੀ ਗੰਭੀਰ ਘਟਨਾ ‘ਚ ਉਨ੍ਹਾਂ ਨੂੰ ਅਣਜਾਣ ਰੱਖਿਆ ਗਿਆ। ਉਨ੍ਹਾਂ ਨੇ ਸਕੂਲ ਪ੍ਰਬੰਧਨ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਕਰਦੇ ਹੋਏ ਇਸਨੂੰ ਵੱਡੀ ਲਾਪਰਵਾਹੀ ਕਰਾਰ ਦਿੱਤਾ।
ਡਾਕਟਰਾਂ ਨੇ ਦੱਸਿਆ ਕਿ ਜ਼ਿਆਦਾਤਰ ਬੱਚਿਆਂ ਨੂੰ ਇਲਾਜ ਦੇ ਬਾਅਦ ਘਰ ਭੇਜ ਦਿੱਤਾ ਗਿਆ, ਜਦਕਿ ਕੁਝ ਨੂੰ ਕੁਝ ਸਮੇਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਸੀ।
