HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਜੰਗੇ ਆਜ਼ਾਦੀ ਦੇ ਇਤਿਹਾਸਕਾਰ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਸੁਰਗਵਾਸ

 

IMG

ਲੁਧਿਆਣਾਃ 9 ਮਈ

ਜੰਗੇ ਆਜ਼ਾਦੀ ਦੇ ਤੱਥਮੂਲਕ ਇਤਿਹਾਸਕਾਰ ਤੇ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਲੁਧਿਆਣਾ ਵਿੱਚ ਲੰਮਾ ਸਮਾਂ ਹਿਉਮੇਨੇਟੀਜ਼ ਦੋ ਪ੍ਰੋਫੈਸਰ ਰਹੇ ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਦਾ ਅੱਜ ਸਵੇਰੇ ਸਾਕੇਤੜੀ(ਪੰਚਕੂਲਾ) ਵਿਖੇ ਦੇਹਾਂਤ ਹੋ ਗਿਆ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਆਪਣਾ 96ਵਾਂ ਜਨਮ ਦਿਨ ਮਨਾਇਆ ਸੀ। 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦਾ ਪਰਿਵਾਰ ਲੱਧੇਵਾਲਾ ਵੜੈਚ(ਗੁਜਰਾਂਵਾਲਾ) ਤੋਂ ਦੇਸ਼ ਵੰਡ ਵੇਲੇ ਏਧਰ ਆ ਕੇ ਪਹਿਲਾਂ ਕਪੂਰਥਲਾ ਤੇ ਮਗਰੋਂ ਪੱਕੇ ਤੌਰ ਤੇ ਪਿੰਡ ਰਾਵਰ(ਕਰਨਾਲ) ਵਿੱਚ ਵੱਸਿਆ। 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ 1960 ਤੋਂ 1989 ਤੀਕ ਗੁਰੂ ਨਾਨਕ ਇੰਜਨੀਰਿੰਗ ਕਾਲਿਜ ਵਿੱਚ ਪੜ੍ਹਾਉਂਦੇ ਰਹੇ। ਵਿਦਿਆਰਥੀਆਂ ਵਿੱਚ ਦੇਸ਼ ਭਗਤ ਵਿਰਸਾ ਚੇਤਨਾ, ਸਿਰਜਣਾਤਮਕ ਸੋਝੀ, ਖੇਡ ਸੱਭਿਆਚਾਰ, ਸਵੈ ਅਨੁਸ਼ਾਸਨ ਤੇ ਭਾਈਚਾਰਕ ਸ਼ਕਤੀ ਦੀ ਨਿਰੰਤਰ ਉਸਾਰੀ ਉਨ੍ਹਾਂ ਦਾ ਮੂਲ ਉਦੇਸ਼ ਰਿਹਾ। ਉਮਰ ਦੇ ਆਖਰੀ ਦੋ ਤਿੰਨ ਸਾਲ ਛੱਡ ਕੇ ਉਹ ਰੋਜ਼ਾਨਾ ਖੇਡ ਮੈਦਾਨ ਜਾਂ ਸੁਖਨਾ ਲੇਕ ਦੇ ਕੰਢੇ ਸਵੇਰਸਾਰ ਦੌੜਦੇ ਰਹੇ। 

ਉਨ੍ਹਾਂ ਨੇ ਗਦਰ ਪਾਰਟੀ ਦੇ ਬਾਨੀ ਬਾਬਾ ਸੋਹਣ ਸਿੰਘ ਭਕਨਾ, ਬਾਬਾ ਹਰਨਾਮ ਸਿੰਘ ਕਾਲਾ ਸੰਘਿਆ, ਬਾਬਾ ਸੱਜਣ ਸਿੰਘ ਨਾਰੰਗਵਾਲ, ਸ਼ਹੀਦ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ, ਸ਼ਹੀਦ ਭਗਤ ਸਿੰਘ ਦੇ ਮਾਤਾ ਵਿਦਿਆਵਤੀ, ਬਾਬਾ ਹਰੀ ਸਿੰਘ ਉਸਮਾਨ, ਬਾਬਾ ਅਰਜਨ ਸਿੰਘ ਜਗਰਾਉਂ, ਬਾਬਾ ਰੂੜ ਸਿੰਘ ਚੂਹੜਚੱਕ, ਬਾਬਾ ਪਾਲਾ ਸਿੰਘ ਢੁੱਡੀਕੇ, ਸ਼ਹੀਦ ਜਤਿਨ ਦਾਸ ਦੇ ਭਰਾਤਾ ਕਿਰਨ ਦਾਦਾ ਤੇ ਅਨੇਕਾਂ ਹੋਰ ਦੇਸ਼ ਭਗਤਾਂ ਦੀ ਸੰਗਤ ਮਾਣੀ। 

ਜਲੰਧਰ ਵਿੱਚ ਆਪਣੇ ਸਾਥੀ ਸਹਿਯੋਗੀਆਂ ਤੇ ਵਿਸ਼ਵਾਸਪਾਤਰਾਂ ਦੀ ਸੰਗਤ ਨਾਲ ਉਨ੍ਹਾਂ ਯੁਵਕ ਕੇਂਦਰ ਦੀ ਸਥਾਪਨਾ ਕਰਕੇ ਪੂਰੇ ਪੰਜਾਬ ਵਿੱਚ ਸ਼ਹੀਦਾਂ ਵਿਰਾਸਤ ਚੇਤਨਾ ਦਾ ਪਰਚਮ ਲਹਿਰਾਇਆ। 

ਆਪਣੇ ਪਿੱਛੋ ਉਹ ਆਪਣੀ ਇਕਲੌਤੀ ਬੇਟੀ ਡਾ. ਮਿੰਨਾ ਵੜੈਚ  ਤੇ ਉਸ ਦੇ ਪਰਿਵਾਰ ਤੋਂ ਇਲਾਵਾ ਵਿਸ਼ਾਲ  ਵਿਚਾਰਧਾਰਕ ਪਰਿਵਾਰ ਛੱਡ ਗਏ ਹਨ। 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਜੀ ਦੇ ਵਿਦਿਆਰਥੀਆਂ ਵਿੱਚੋਂ ਸ਼ਹੀਦ ਭਗਤ ਸਿੰਘ ਦੇ ਭਣੇਵੇ ਪ੍ਰੋ. ਜਗਮੋਹਨ ਸਿੰਘ, ਪ੍ਰਿੰਸੀਪਲ ਮ ਸ ਪਰਮਾਰ, ਮਿਹਰ ਚੰਦ ਭਾਰਦਵਾਜ, ਤੋਂ ਇਲਾਵਾ ਸਾਹਿੱਤ ਖੇਤਰ ਵਿੱਚ ਅਜਮੇਰ ਰੋਡੇ, ਦਰਸ਼ਨ ਨੱਤ, ਉਜਾਗਰ ਸਿੰਘ ਕੰਵਲ, ਅਮੋਲਕ ਸਿੰਘ,ਅਜਮੇਰ ਸਿੰਘ,ਸੁਰਿੰਦਰ ਧੰਜਲ, ਕੰਵਲਜੀਤ ਸਿੰਘ ਢੁੱਡੀਕੇ, ਜਸਵੰਤ ਜਫ਼ਰ, ਗੁਰਿੰਦਰਜੀਤ ਤੇ ਪਰਮਜੀਤ ਧਾਲੀਵਾਲ ਨੇ ਚੰਗਾ ਨਾਮਣਾ ਖੱਟਿਆ। 

ਪੰਜਾਬ ਰਾਜ ਬਿਜਲੀ ਬੋਰਡ ਦੇ ਹੁਣੇ ਸੇਵਾਮੁਕਤ ਹੋਏ ਚੇਅਰਮੈਨ ਸ. ਬਲਦੇਵ ਸਿੰਘ ਸਰਾਂ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਬਾਨੀ ਵਾਈਸ ਚਾਂਸਲਰ ਡਾ. ਦਿਲਬਾਗ ਸਿੰਘ ਹੀਰਾ ਤੇ ਮਾਨਸਾ ਦੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਵੀ ਉਨ੍ਹਾਂ ਦੇ ਵਿਦਿਆਰਥੀ ਸਨ। 

ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ ਨੇ  1989 ਵਿੱਚ ਨੌਕਰੀ ਤੋਂ ਸੇਵਾ ਮੁਕਤੀ ਉਪਰੰਤ  ਲਾਅ ਦੀ ਪੜ੍ਹਾਈ ਕਰਕੇ ਆਪਣੇ ਭਣੇਵੇਂ ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰ ਸ ਚੀਮਾ ਨਾਲ  ਕੁਝ ਸਮਾਂ ਵਕਾਲਤ ਵੀ ਕੀਤੀ। ਦੇਸ਼ ਭਗਤ ਲਹਿਰਾਂ ਦੇ ਸੂਰਮਿਆਂ ਦੀਆਂ ਸਰਕਾਰ ਵੱਲੋਂ ਜ਼ਬਤ ਕੀਤੀਆਂ ਜਾਇਦਾਦਾਂ ਵੀ ਵਾਪਸ ਕਰਵਾਈਆਂ। 

ਉਨ੍ਹਾਂ  ਵੱਲੋਂ ਲਿਖੀਆਂ ਖੋਜ ਪੁਸਤਕਾਂ ਦੀ ਗਿਣਤੀ ਤੀਹ ਤੋਂ ਵੱਧ ਹੈ। ਪਹਿਲੇ ਤੇ ਦੂਜੇ ਲਾਹੌਰ ਸਾਜ਼ਿਸ਼ ਕੇਸ ਦੀ ਜੱਜਮੈਟ ਨੂੰ ਵੀ ਹਰੀਸ਼ ਜੈਨ ਨਾਲ ਮਿਲ ਕੇ ਸੰਪਾਦਿਤ ਕੀਤਾ ਤੇ ਛਪਵਾਇਆ। 

ਪ੍ਰੋ. ਮਲਵਿੰਦਰਜੀਤ ਸਿੰਘ ਨੇ ਸਰਾਭਾ ਪਿੰਡ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਯਾਦਗਾਰੀ ਹਸਪਤਾਲ ਤੇ ਮੈਡੀਕਲ ਕਾਲਿਜ ਖੁਲਵਾਉਣ ਵਿੱਚ ਮੁੱਢਲਾ ਯੋਗਦਾਨ ਪਾਇਆ ਅਤੇ  ਸ ਸੁਖਦੇਵ ਸਿੰਘ ਸਰਾਭਾ ਤੇ ਮਿਹਰਚੰਦ ਭਾਰਦਵਾਜ ਨਾਲ ਮਿਲ ਕੇ ਬਦੇਸ਼ਾਂ ਵਿੱਚ ਵੱਸਦੇ ਵਿਦਿਆਰਥੀਆਂ ਦੀ ਮਦਦ ਨਾਲ ਵੱਡਾ ਫੰਡ ਇਕੱਠਾ ਕਰਕੇ ਦਿੱਤਾ। 

ਮਾਲੇਰਕੋਟਲਾ ਵਿੱਚ ਅੰਗਰੇਜ਼ ਹਕੂਮਤ ਵੱਲੋਂ ਸ਼ਹੀਦ ਕੀਤੇ 66 ਕੂਕਿਆਂ ਦੀ ਪਿੰਡਾਂ ਸਮੇਤ ਸੂਚੀ ਵੀ ਪ੍ਰੋ.ਵੜੈਚ ਨੇ ਤਿਆਰ ਕਰਕੇ ਨਾਮਧਾਰੀ ਪੰਥ ਨੂੰ ਸੌਂਪੀ। 

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੀ ਆਈ ਐਲ ਦਾਇਰ ਕਰਕੇ ਨਾਮਧਾਰੀ ਕੂਕਾ ਲਹਿਰ ਅਤੇ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਆਜ਼ਾਦੀ ਸੰਗਰਾਮ ਦਾ ਹਿੱਸਾ ਬਣਾਉਣ ਲਈ ਲੰਬੀ ਕਨੂੰਨੀ ਲੜਾਈ ਲੜੀ ਅਤੇ ਮਾਨਤਾ ਦੁਆਈ।

ਗ਼ਦਰ ਲਹਿਰ ਨੂੰ ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਵਿਚ ਚਦਰ ਲਹਿਰ ਲਿਖਿਆ ਹੋਇਆ ਸੀ ਜਿਸ ਬਾਰੇ ਸਰਕਾਰ ਨੂੰ ਕਈ ਚਿੱਠੀਆਂ ਲਿਖੀਆਂ। ਫਿਰ ਇਸ ਵਿਚ ਵੀ ਸੋਧ ਅਦਾਲਤ ਵਿੱਚ ਕੇਸ ਕਰਕੇ ਕਰਵਾਈ ਸੀ।

ਗ਼ਦਰੀ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ ਦੀ ਨਿਲਾਮ ਕੀਤੀ ਜ਼ਮੀਨ ਦੇ ਮੁਆਵਜ਼ੇ ਲਈ ਸਰਕਾਰੀ ਤੰਤਰ ਵਲੋਂ ਨਾਂਹਪੱਖੀ ਰਵੱਈਆ ਅਪਣਾਉਣ ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੀ ਆਈ ਐਲ ਰਾਹੀਂ ਨਾਂ ਸਿਰਫ ਬਾਬਾ ਹਰਨਾਮ ਸਿੰਘ ਕਾਲ਼ਾ ਸੰਘਿਆਂ ਦੇ ਪੋਤਰਿਆਂ ਨੂੰ 35 ਲੱਖ ਰੁਪਏ ਮੁਆਵਜ਼ਾ ਦੁਆਇਆ ਸਗੋਂ ਆਪਣੀਆਂ ਦਲੀਲਾਂ ਨਾਲ ਜੱਜਾਂ ਨੂੰ ਐਨਾ ਕਾਇਲ ਕੀਤਾ ਕਿ ਉਨ੍ਹਾਂ ਨੇ ਆਜ਼ਾਦੀ ਸੰਗਰਾਮ ਦੀ ਕਿਸੇ ਵੀ ਲਹਿਰ ਦੇ ਦੇਸ਼ ਭਗਤ ਦੀ ਜ਼ਬਤ/ ਨਿਲਾਮ ਹੋਈ ਜ਼ਮੀਨ ਵਾਰਸਾਂ ਨੂੰ ਮੋੜਨ ਜਾਂ ਮੌਜੂਦਾ ਭਾਅ ਬਰਾਬਰ ਮੁਆਵਜ਼ਾ ਦੇਣ ਦਾ ਹੁਕਮ ਸੁਣਾਇਆ ਸੀ।

ਅੰਗਰੇਜ਼ੀ, ਹਿੰਦੀ ਤੇ ਪੰਜਾਬੀ  ਵਿਚ ਲਿਖੀਆਂ/ਅਨੁਵਾਦਿਤ/ਸੰਪਾਦਤ 62 ਕਿਤਾਬਾਂ ਹਨ ਅਤੇ ਹੋਰ 5 ਕਿਤਾਬਾਂ ਦੀ ਪੀ ਡੀ ਐਫ ਪਾਠਕਾਂ ਨੂੰ ਵੰਡ ਗਏ ਹਨ। ਇਨਕਲਾਬੀ ਦੇਸ਼ ਭਗਤਾਂ ਬਾਰੇ ਲਿਖਣ ਵਾਲੇ ਲੇਖਕਾਂ ਨੂੰ ਉਹ ਆਪਣੇ ਖਜ਼ਾਨੇ ਵਿਚੋਂ ਦਸਤਾਵੇਜ਼ ਫੋਟੋ ਕਾਪੀਆਂ ਕਰਵਾ ਕੇ ਬੜੇ ਚਾਅ ਨਾਲ ਭੇਜਦੇ ਸਨ।

ਆਜ਼ਾਦੀ ਸੰਗਰਾਮ ਦੀਆਂ ਲਹਿਰਾਂ ਦੀ ਜਾਣਕਾਰੀ ਦੇ 41 ਵੱਡ ਅਕਾਰੀ ਪੈਨਲ ਨੈਸ਼ਨਲ ਗੈਲਰੀ ਆਫ਼ ਪੋਰਟਰੇਟ 17 ਸੈਕਟਰ ਚੰਡੀਗੜ੍ਹ ਵਿੱਚ ਬਣਾਉਣ ਦੀ ਪ੍ਰਮੁੱਖ ਭੂਮਿਕਾ ਅਦਾ ਕੀਤੀ।

ਆਪਣੇ 52 ਸਾਲਾਂ ਦੇ ਖੋਜੀ ਜੀਵਨ ਦੌਰਾਨ ਇਨਕਲਾਬੀ ਦੇਸ਼ ਭਗਤਾਂ ਨਾਲ ਸਬੰਧਤ ਹਜ਼ਾਰਾਂ ਦਸਤਾਵੇਜ਼, ਬੇਸ਼ਕੀਮਤੀ ਕਿਤਾਬਾਂ ਅਤੇ ਗ਼ਦਰੀ ਬਾਬਿਆਂ ਦੀਆਂ ਨਿੱਜੀ ਵਸਤਾਂ ਉਹ ਆਪਣੇ ਸਭ ਤੋਂ ਪਿਆਰੇ ਸ਼ਾਗਿਰਦ ਸੀਤਾ ਰਾਮ ਬਾਂਸਲ ਅਤੇ ਉਸਦੀ ਜੀਵਨ ਸਾਥਣ ਬਲਵਿੰਦਰ ਕੌਰ ਬਾਂਸਲ ਨੂੰ ਸੌਂਪ ਗਏ ਹਨ। ਬਾਂਸਲ ਜੋੜੀ ਨੇ ਇਹ ਦਸਤਾਵੇਜ਼ ਅਤੇ ਕਿਤਾਬਾਂ ਖੋਜੀਆਂ ਦੀ ਸਹੂਲਤ ਲਈ ਆਪਣੇ ਜਲੰਧਰ ਸ਼ਹਿਰ ਵਿਚਲੇ ਆਪਣੇ ਘਰ ਵਿਚ "ਪ੍ਰੌਫੈਸਰ ਮਲਵਿੰਦਰ ਜੀਤ ਸਿੰਘ ਵੜੈਚ ਰੈਵੋਲਿਊਸ਼ਨਰੀ ਰਿਚਰਚ ਸੈਂਟਰ" ਵਿਚ ਰੱਖੇ ਹੋਏ ਹਨ।

ਸਾਡੇ ਪਰਿਵਾਰ ਲਈ ਇਹ ਨਿੱਜੀ ਘਾਟਾ ਹੈ ਕਿਉਂਕਿ  ਉਹ ਮੇਰੇ ਸਭ ਤੋਂ ਵੱਡੇ  ਭੂਆ ਜੀ ਦੇ ਵਿਚਕਾਰਲੇ ਸਪੁੱਤਰ ਸਨ। 

ਪ੍ਰੋ.  ਮਲਵਿੰਦਰਜੀਤ ਸਿੰਘ ਵੜੈਚ ਦੇ ਭਣੇਵੇਂ ਸ. ਰ ਸ ਚੀਮਾ  ਨੇ ਦੱਸਿਆ ਹੈ ਕਿ ਉਨ੍ਹਾਂ ਦੀ ਇੱਛਾ ਅਨੁਸਾਰ ਮ੍ਰਿਤਕ ਦੇਹ ਪੀ ਜੀ ਆਈ ਚੰਡੀਗੜ੍ਹ ਨੂੰ ਖੋਜ ਕਾਰਜਾਂ ਲਈ ਸੌਂਪ ਦਿੱਤੀ ਗਈ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies