
ਅੰਮ੍ਰਿਤਸਰ ਦੇ ਥਾਣਾ ਕੱਥੂ ਨੰਗਲ ਅਧੀਨ ਪੈਂਦੇ ਪਿੰਡ ਕੋਟਲਾ ਸੈਦਾਂ ਵਿੱਚ ਬੀਤੀ ਰਾਤ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ, ਜਦੋਂ 10 ਤੋਂ 15 ਹਥਿਆਰਬੰਦ ਨੌਜਵਾਨਾਂ ਨੇ ਇੱਕ ਪਰਿਵਾਰ ਦੇ ਘਰ ‘ਤੇ ਧਾਵਾ ਬੋਲ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਪਿਸਤੌਲਾਂ, ਦਾਤਰਾਂ, ਲੋਹੇ ਦੀਆਂ ਰਾਡਾਂ ਅਤੇ ਡਾਂਗਾਂ ਨਾਲ ਲੈਸ ਸਨ। ਉਨ੍ਹਾਂ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦਾਖਲ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਘਰ ਵਿੱਚ ਭੰਨਤੋੜ ਮਚਾ ਦਿੱਤੀ।
ਹਮਲਾਵਰਾਂ ਨੇ ਘਰ ਦੇ ਬਾਹਰ ਖੜ੍ਹੀ ਨਵੀਂ ਕਾਰ ਦੇ ਸ਼ੀਸ਼ੇ ਤੋੜ ਦਿੱਤੇ, ਜਦਕਿ ਘਰ ਅੰਦਰ ਅਲਮਾਰੀਆਂ, ਰਸੋਈ ਅਤੇ ਮਹਿੰਗੇ ਫਰਨੀਚਰ ਨੂੰ ਵੀ ਨੁਕਸਾਨ ਪਹੁੰਚਾਇਆ। ਪਰਿਵਾਰ ਦਾ ਦੋਸ਼ ਹੈ ਕਿ ਦਹਿਸ਼ਤ ਫੈਲਾਉਣ ਲਈ ਹਮਲਾਵਰਾਂ ਨੇ ਗੋਲੀਆਂ ਵੀ ਚਲਾਈਆਂ ਅਤੇ ਮਹਿਲਾਵਾਂ ਨਾਲ ਧੱਕਾ-ਮੁੱਕੀ ਕੀਤੀ। ਇਹ ਸਾਰੀ ਵਾਰਦਾਤ ਘਰ ਵਿੱਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਸਬ-ਇੰਸਪੈਕਟਰ ਨਰਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ CCTV ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ। ਇਸ ਹਮਲੇ ਵਿੱਚ ਬਲਜੀਤ ਸਿੰਘ, ਉਨ੍ਹਾਂ ਦੇ ਪੁੱਤਰ ਸਮੇਤ ਪਰਿਵਾਰ ਦੇ ਕਈ ਮੈਂਬਰ ਜ਼ਖਮੀ ਹੋਏ ਹਨ। ਪੁਲਿਸ ਨੇ ਕਿਹਾ ਕਿ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਹਮਲਾਵਰਾਂ ਦੀ ਪਛਾਣ ਅਤੇ ਗ੍ਰਿਫ਼ਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।
ਪਿੰਡ ਦੇ ਸਰਪੰਚ ਪ੍ਰਕਾਸ਼ ਸਿੰਘ ਨੇ ਘਟਨਾ ਦੀ ਕੜੀ ਨਿੰਦਾ ਕਰਦਿਆਂ ਕਿਹਾ ਕਿ ਪਰਿਵਾਰ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਨਹੀਂ ਸੀ, ਜਿਸ ਕਾਰਨ ਇਹ ਹਮਲਾ ਹੋਰ ਵੀ ਚਿੰਤਾਜਨਕ ਬਣ ਜਾਂਦਾ ਹੈ। ਪੀੜਤ ਮਹਿਲਾ ਵਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਘਰ ਆ ਕੇ ਕੱਪੜੇ ਬਦਲ ਹੀ ਰਿਹਾ ਸੀ ਕਿ ਅਚਾਨਕ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਪਰਿਵਾਰ ਅਤੇ ਪਿੰਡ ਵਾਸੀਆਂ ਨੇ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
