ਪਿੰਡ ਨੱਤ ਦੇ ਇੱਕ ਨੌਜਵਾਨ ਜ਼ੋਰਾਵਰ ਸਿੰਘ ਦੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਮਾਤਾ ਮਨਦੀਪ ਕੌਰ ਨੇ ਦੱਸਿਆ ਕਿ ਉਸਨੇ ਆਪਣੇ ਪੁੱਤਰ ਦਾ ਤਿੰਨ ਸਾਲ ਪਹਿਲਾਂ ਵਿਆਹ ਕੀਤਾ ਸੀ ਅਤੇ ਵਿਆਹ ਤੋਂ ਬਾਅਦ ਉਸ ਦੀ ਪਤਨੀ ਨੂੰ ਕੈਨੇਡਾ ਭੇਜਣ ਲਈ ਕਰੀਬ 50 ਲੱਖ ਰੁਪਏ ਖਰਚੇ ਗਏ। ਪਤਨੀ ਕੁਝ ਮਹੀਨਿਆਂ ਬਾਅਦ ਆਪਣੇ ਪਤੀ ਨੂੰ ਵੀ ਕੈਨੇਡਾ ਬੁਲਾ ਲੈ ਗਈ, ਪਰ ਉਥੇ ਉਸਨੇ ਉਸਨੂੰ ਨਜ਼ਰਅੰਦਾਜ਼ ਕਰਨਾ ਸ਼ੁਰੂ ਕਰ ਦਿੱਤਾ। ਦੁਖੀ ਹੋ ਕੇ ਜ਼ੋਰਾਵਰ ਵਾਪਸ ਇੰਡੀਆ ਆ ਗਿਆ ਪਰ ਇੱਥੇ ਆਉਣ ਤੋਂ ਬਾਅਦ ਉਸਦੀ ਪਤਨੀ ਨੇ ਫੋਨ ਉੱਠਾਉਣਾ ਵੀ ਬੰਦ ਕਰ ਦਿੱਤਾ। ਇਹ ਗੱਲ ਉਸ ਲਈ ਚਿੰਤਾ ਤੇ ਪ੍ਰੇਸ਼ਾਨੀ ਦਾ ਕਾਰਣ ਬਣੀ ਰਹੀ। ਅੱਜ ਉਸਨੂੰ ਘਰ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਪਾਇਆ ਗਿਆ ਅਤੇ ਸਿਵਲ ਹਸਪਤਾਲ ਲਿਜਾਣ ‘ਤੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਹਰਮੀਕ ਸਿੰਘ ਮੁਤਾਬਕ ਲਾਸ਼ ਦਾ ਪੋਸਟਮਾਰਟਮ ਹੋ ਰਿਹਾ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।