ਫਰੀਦਕੋਟ ਦੇ ਕਸਬੇ ਸਾਦਿਕ ਦੇ ਪਿੰਡ ਸੈਦੇ ਕੇ ਵਿੱਚ ਰਹਿਣ ਵਾਲੇ ਦਿਹਾੜੀਦਾਰ ਮਜ਼ਦੂਰ ਰਾਮ ਸਿੰਘ ਦੀ ਕਿਸਮਤ ਉਸ ਵੇਲੇ ਖਿੜ ਉੱਠੀ, ਜਦੋਂ ਉਸ ਵੱਲੋਂ ਪਾਈ ਗਈ 200 ਰੁਪਏ ਦੀ ਲਾਟਰੀ ਦਾ ਪਹਿਲਾ ਇਨਾਮ ਡੇਢ ਕਰੋੜ ਰੁਪਏ ਨਿਕਲਿਆ। ਇਹ ਖ਼ਬਰ ਪਿੰਡ ਵਿੱਚ ਅੱਗ ਵਾਂਗ ਫੈਲ ਗਈ ਅਤੇ ਲੋਕਾਂ ਵਿੱਚ ਇਸ ਬਦਲੇ ਹਾਲਾਤ ਬਾਰੇ ਚਰਚਾ ਸ਼ੁਰੂ ਹੋ ਗਈ। ਗਰੀਬੀ ਨਾਲ ਲੜਦਾ ਪਰਿਵਾਰ, ਜੋ ਲੰਮੇ ਸਮੇਂ ਤੋਂ ਔਖੀਆਂ ਹਾਲਤਾਂ ਵਿੱਚ ਗੁਜ਼ਾਰਾ ਕਰ ਰਿਹਾ ਸੀ, ਇਸ ਵੱਡੀ ਰਕਮ ਨਾਲ ਖੁਸ਼ੀ ਦੇ ਨਵੇਂ ਸੁਪਨੇ ਵੇਖਣ ਲੱਗ ਪਿਆ।
ਪਰਿਵਾਰ ਦੀ ਇਸ ਖੁਸ਼ੀ ਦੇ ਨਾਲ ਹੀ ਇੱਕ ਨਵਾਂ ਡਰ ਵੀ ਉਭਰਿਆ। ਰਾਮ ਸਿੰਘ ਅਤੇ ਉਸ ਦੇ ਪਰਿਵਾਰ ਨੇ ਚਿੰਤਾ ਜਤਾਈ ਕਿ ਵੱਡੀ ਰਕਮ ਆਉਣ ਤੋਂ ਬਾਅਦ ਕਿਤੇ ਕੋਈ ਲੁੱਟ ਦੀ ਘਟਨਾ ਨਾ ਵਾਪਰ ਜਾਵੇ ਜਾਂ ਕਿਸੇ ਬਦਮਾਸ਼ ਜਾਂ ਗੈਂਗਸਟਰ ਵੱਲੋਂ ਫਿਰੌਤੀ ਦੀ ਕਾਲ ਨਾ ਆ ਜਾਵੇ। ਉਨ੍ਹਾਂ ਦੇ ਮਨ ਵਿੱਚ ਵਧ ਰਿਹਾ ਇਹ ਖੌਫ ਦੇਖਦੇ ਹੋਏ ਥਾਣਾ ਸਾਦਿਕ ਦੇ ਐਸਐਚਓ ਨਵਦੀਪ ਭੱਟੀ ਖੁਦ ਪਰਿਵਾਰ ਕੋਲ ਪਹੁੰਚੇ। ਉਨ੍ਹਾਂ ਨੇ ਰਾਮ ਸਿੰਘ ਨੂੰ ਭਰੋਸਾ ਦਵਾਇਆ ਕਿ ਪੁਲਿਸ ਪੂਰੇ ਪਰਿਵਾਰ ਦੀ ਸੁਰੱਖਿਆ ਲਈ ਹਰ ਵੇਲੇ ਤਿਆਰ ਹੈ।
ਇਸ ਮਾਮਲੇ ਸਬੰਧੀ ਡੀਐਸਪੀ ਤਰਲੋਚਨ ਸਿੰਘ ਨੇ ਵੀ ਕਿਹਾ ਕਿ ਪਰਿਵਾਰ ਦੀ ਚਿੰਤਾ ਵਾਜਬ ਹੈ ਪਰ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ। ਪੁਲਿਸ ਨੇ ਉਨ੍ਹਾਂ ਨੂੰ ਯਕੀਨ ਦਵਾਇਆ ਹੈ ਕਿ ਕਿਸੇ ਵੀ ਕਿਸਮ ਦੀ ਫਿਰੌਤੀ ਕਾਲ ਜਾਂ ਨੁਕਸਾਨ ਤੋਂ ਉਨ੍ਹਾਂ ਦੀ ਪੂਰੀ ਸੁਰੱਖਿਆ ਕੀਤੀ ਜਾਵੇਗੀ। ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸਮਾਜ ਦੇ ਹਰ ਨਾਗਰਿਕ ਦੀ ਜਾਨ ਤੇ ਮਾਲ ਦੀ ਰੱਖਿਆ ਕਰਨਾ ਪੁਲਿਸ ਦੀ ਪਹਿਲੀ ਜ਼ਿੰਮੇਵਾਰੀ ਹੈ।
ਰਾਮ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਬਹੁਤ ਗਰੀਬ ਪਰਿਵਾਰ ਨਾਲ ਸਬੰਧਿਤ ਹਨ ਅਤੇ 3 ਧੀਆਂ ਤੇ ਇੱਕ ਪੁੱਤਰ ਦੀ ਪਰਵਰਿਸ਼ ਦਿਹਾੜੀਆਂ ਕਰ ਕੇ ਕਰਦੇ ਆਏ ਹਨ। ਉਸਨੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਉਹ ਲਾਟਰੀ ਲਗਾਤਾਰ ਪਾ ਰਹੇ ਸਨ ਅਤੇ ਸਾਰਾ ਭਰੋਸਾ ਪਰਮਾਤਮਾ ਉੱਤੇ ਰੱਖਿਆ ਹੋਇਆ ਸੀ। ਹੁਣ ਜਦੋਂ ਉਨ੍ਹਾਂ ਨੂੰ 1 ਕਰੋੜ 5 ਲੱਖ ਦੀ ਰਕਮ ਮਿਲੇਗੀ, ਤਾਂ ਉਹ ਸਭ ਤੋਂ ਪਹਿਲਾਂ ਆਪਣੇ ਪੁੱਤਰ ਲਈ ਜਾਇਦਾਦ ਬਣਾਉਣ ਦਾ ਮਨ ਰੱਖਦੇ ਹਨ, ਤਾਂ ਜੋ ਭਵਿੱਖ ਵਿੱਚ ਉਹਨਾਂ ਦੇ ਬੱਚਿਆਂ ਦਾ ਜੀਵਨ ਸੁਧਰ ਸਕੇ।

