ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਹਾਦੁਰਗੜ੍ਹ ਨੇੜੇ ਇੱਕ ਦਰਦਨਾਕ ਹਾਦਸਾ ਵਾਪਰਿਆ ਜਦੋਂ ਸੋਸ਼ਲ ਮੀਡੀਆ ਲਈ ਰੀਲ ਬਣਾਉਣ ਦੇ ਚੱਕਰ 'ਚ ਦੋ ਨੌਜਵਾਨ ਰੇਲਗੱਡੀ ਦੀ ਚਪੇਟ 'ਚ ਆ ਕੇ ਮਾਰੇ ਗਏ। ਸਵੇਰੇ 11 ਵਜੇ ਦੇ ਕਰੀਬ ਦੋਵੇਂ ਨੌਜਵਾਨ ਰੇਲਵੇ ਪਟੜੀਆਂ 'ਤੇ ਵੀਡੀਓ ਸ਼ੂਟ ਕਰ ਰਹੇ ਸਨ, ਜਦੋਂ ਇੱਕ ਕੂੜਾ ਚੁੱਕਣ ਵਾਲੇ ਨੇ ਉਨ੍ਹਾਂ ਨੂੰ ਖ਼ਤਰੇ ਬਾਰੇ ਚੇਤਾਇਆ ਪਰ ਉਹਨਾਂ ਨੇ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰ ਦਿੱਤਾ। ਕੁਝ ਹੀ ਸਮੇਂ ਬਾਅਦ ਵਾਪਰੇ ਹਾਦਸੇ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ।
ਜੀਆਰਪੀ ਅਧਿਕਾਰੀਆਂ ਅਨੁਸਾਰ, 11:30 ਵਜੇ ਦੇ ਕਰੀਬ ਨੌਜਵਾਨ ਇੱਕ ਦਿਸ਼ਾ ਤੋਂ ਆ ਰਹੀ ਟ੍ਰੇਨ ਤੋਂ ਬਚਣ ਲਈ ਪਟੜੀ ਦੇ ਪਾਰ ਹੋਏ, ਪਰ ਦਿੱਲੀ ਵੱਲੋਂ ਤੇਜ਼ੀ ਨਾਲ ਆ ਰਹੀ ਦੂਜੀ ਟ੍ਰੇਨ ਉਨ੍ਹਾਂ ਦੇ ਧਿਆਨ 'ਚ ਨਾ ਆ ਸਕੀ। ਪਲਕ ਝਪਕਦੇ ਹੀ ਦੋਵੇਂ ਟੱਕਰ ਦਾ ਸ਼ਿਕਾਰ ਹੋ ਗਏ ਅਤੇ ਮੌਕੇ 'ਤੇ ਹੀ ਮ੍ਰਿਤਕ ਹੋ ਗਏ। ਕੂੜਾ ਚੁੱਕਣ ਵਾਲੇ ਨੇ ਤੁਰੰਤ ਸਟੇਸ਼ਨ ਮਾਸਟਰ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਜੀਆਰਪੀ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲਿਆ ਅਤੇ ਸਿਵਲ ਹਸਪਤਾਲ ਭੇਜਿਆ।
ਪੁਲਿਸ ਨੇ ਇੱਕ ਨੌਜਵਾਨ ਦੀ ਪਛਾਣ ਸ਼ਿਵਮ ਵਜੋਂ ਕੀਤੀ ਹੈ, ਜੋ ਛੱਤੀਸਗੜ੍ਹ ਦੇ ਟੀਕਮਗੜ੍ਹ ਦਾ ਰਹਿਣ ਵਾਲਾ ਸੀ ਅਤੇ ਬਹਾਦੁਰਗੜ੍ਹ ਵਿੱਚ ਇੱਕ ਜੁੱਤੀ ਫੈਕਟਰੀ 'ਚ ਕੰਮ ਕਰਦਾ ਸੀ। ਦੂਜੇ ਪੀੜਤ ਦੀ ਉਮਰ 19 ਤੋਂ 22 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ ਪਰ ਉਸਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ। ਅਧਿਕਾਰੀ ਦੋਵੇਂ ਦੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ। ਇਹ ਹਾਦਸਾ ਦਰਸਾਉਂਦਾ ਹੈ ਕਿ ਸੋਸ਼ਲ ਮੀਡੀਆ ਦੇ ਚਸਕੇ ਕਈ ਵਾਰ ਜ਼ਿੰਦਗੀ 'ਤੇ ਕਿੰਨਾ ਭਾਰੀ ਪੈ ਸਕਦੇ ਹਨ।

