HOME PUNJAB DELHI POLITICS BUSINESS CRIME HEALTH COVID 19 DHARMIK ENTERTAINMENT FILMY TADKA SPORTS NATIONAL WORLD TOP VIDEO PHOTO GALLERY EDUCATION BIG STORIES Base

 

Type Here to Get Search Results !

ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਦੱਖਣੀ ਕੋਰੀਆ ਵਿੱਚ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

 



ਚੰਡੀਗੜ੍ਹ, 9 ਦਸੰਬਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਦੱਖਣੀ ਕੋਰੀਆ ਦੇ ਦੌਰੇ ਦੇ ਆਖ਼ਰੀ ਦਿਨ ਕੀਤੇ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮੋਹਰੀ ਸਨਅਤੀ ਕੰਪਨੀਆਂ ਦੀ ਸ਼ਮੂਲੀਅਤ ਨਾਲ ਭਰਵਾਂ ਹੁੰਗਾਰਾ ਮਿਲਿਆ ਅਤੇ ਇਨ੍ਹਾਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਰੁਚੀ ਦਿਖਾਈ।


ਇੱਥੇ ਵਪਾਰਕ ਮੋਹਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਦੀ ਸਥਿਰ ਤੇ ਪਾਰਦਰਸ਼ੀ ਸ਼ਾਸਨ ਅਤੇ ਭਵਿੱਖੀ ਨਿਵੇਸ਼ ਵਾਸਤੇ ਤਿਆਰ ਸਥਾਨ ਵਜੋਂ ਨਿਸ਼ਾਨਦੇਹੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮਜ਼ਬੂਤ ਉਦਯੋਗਿਕ ਈਕੋ-ਸਿਸਟਮ, ਭਰੋਸੇਯੋਗ ਅਤੇ ਸਸਤੀ ਬਿਜਲੀ, ਹੁਨਰਮੰਦ ਤੇ ਮਿਹਨਤੀ ਕਾਮੇ ਅਤੇ ਵੱਡੇ ਬਾਜ਼ਾਰਾਂ ਨਾਲ ਸੁਚਾਰੂ ਸੰਪਰਕ ਸਹੂਲਤ ਇਸ ਨੂੰ ਨਿਵੇਸ਼ ਲਈ ਸਭ ਤੋਂ ਵੱਧ ਤਰਜੀਹੀ ਸਥਾਨ ਬਣਾਉਂਦੇ ਹਨ। ਭਗਵੰਤ ਸਿੰਘ ਮਾਨ ਨੇ ਦੁਹਰਾਇਆ ਕਿ ਪੰਜਾਬ ਦਾ ਸ਼ਾਸਨ ਮਾਡਲ ਨਿਵੇਸ਼ਕ ਅਨੁਕੂਲ ਹੈ, ਜੋ ਕਾਰਜ ਕੁਸ਼ਲਤਾ ਅਤੇ ਕਾਰੋਬਾਰੀ ਚੱਕਰ ਦੌਰਾਨ ਪੂਰੇ ਸਹਿਯੋਗ ਉੱਪਰ ਆਧਾਰਤ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਵਿਜ਼ਨ ਤਰਜੀਹੀ ਖ਼ੇਤਰਾਂ ਬਾਰੇ ਦੱਖਣੀ ਕੋਰੀਆ ਨਾਲ ਤਕਨਾਲੋਜੀ, ਨਵੀਨਤਾ ਅਤੇ ਪਰਸਪਰ ਲਾਹੇਵੰਦ ਰਿਸ਼ਤਿਆਂ ਤੋਂ ਪ੍ਰੇਰਿਤ ਹੈ। ਉਨ੍ਹਾਂ ਦੱਖਣੀ ਕੋਰੀਆ ਦੀਆਂ ਕੰਪਨੀਆਂ ਦਾ ਸਵਾਗਤ ਕਰਨ ਦੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਸ ਨਾਲ ਨਵੀਨਤਾ ਆਧਾਰਤ ਸਨਅਤੀ ਵਿਕਾਸ, ਲੰਮੇ ਸਮੇਂ ਦੇ ਰਿਸ਼ਤੇ ਅਤੇ ਪਰਸਪਰ ਲਾਹੇਵੰਦ ਭਾਈਵਾਲੀ ਨੂੰ ਹੁਲਾਰਾ ਮਿਲੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਮੈਨੂਫੈਕਚਰਿੰਗ, ਤਕਨਾਲੋਜੀ, ਫੂਡ ਪ੍ਰਾਸੈਸਿੰਗ ਅਤੇ ਖੋਜ ਦੇ ਖ਼ੇਤਰ ਵਿੱਚ ਵੱਡੀਆਂ ਸੰਭਾਵਨਾਵਾਂ ਹਨ।


ਆਪਣਾ ਵਿਜ਼ਨ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਸੂਬਾ ਸਰਕਾਰ ਮਜ਼ਬੂਤ ਆਰਥਿਕ ਅਤੇ ਸੱਭਿਆਚਾਰਕ ਰਿਸ਼ਤਿਆਂ ਰਾਹੀਂ ਖ਼ੁਸ਼ਹਾਲੀ ਵਾਲਾ ਭਵਿੱਖ ਸਿਰਜਣ ਦੀ ਵਚਨਬੱਧਤਾ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਸਾਹਸ, ਮਿਹਨਤੀ, ਉੱਦਮੀ, ਸਿਰਜਣਾਤਮਕਤਾ ਅਤੇ ਮਜ਼ਬੂਤ ਭਾਈਚਾਰਕ ਸੂਝ-ਬੂਝ ਵਾਲੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਭਾਰਤ ਦੇ ਵਿਕਾਸ ਖ਼ਾਸ ਤੌਰ ਉੱਤੇ ਖੁਰਾਕ ਉਤਪਾਦਨ ਵਿੱਚ ਦੇਸ਼ ਨੂੰ ਆਤਮ-ਨਿਰਭਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਪੰਜਾਬ ਆਧੁਨਿਕ ਸਨਅਤੀ, ਤਕਨਾਲੋਜੀ ਅਤੇ ਆਲਮੀ ਸਹਿਯੋਗ ਦੇ ਕੇਂਦਰ ਬਣਨ ਵੱਲ ਵਧ ਰਿਹਾ ਹੈ।


ਮੁੱਖ ਮੰਤਰੀ ਨੇ ਸੂਬੇ ਦੇ ਸ਼ਾਸਨ ਅਤੇ ਰੈਗੂਲੇਟਰੀ ਸੁਧਾਰਾਂ ਨੂੰ ਵੀ ਦਰਸਾਇਆ, ਜਿਸ ਵਿੱਚ ਫਾਸਟਟ੍ਰੈਕ ਪੰਜਾਬ ਸਿੰਗਲ-ਵਿੰਡੋ ਸਿਸਟਮ ਸ਼ਾਮਲ ਹੈ, ਜਿਸ ਵਿੱਚ 173 ਸੇਵਾਵਾਂ, ਆਟੋ-ਡੀਮਡ ਪ੍ਰਵਾਨਗੀਆਂ, ਪੈਨ-ਅਧਾਰਤ ਕਾਰੋਬਾਰ ਪਛਾਣਕਰਤਾ ਅਤੇ ਪੰਜਾਬ ਕਾਰੋਬਾਰ ਅਧਿਕਾਰ ਐਕਟ ਵਿੱਚ ਸੋਧਾਂ ਆਉਂਦੀਆਂ ਹਨ, ਜੋ ਸਮਾਂ-ਬੱਧ ਸਿਧਾਂਤਕ ਪ੍ਰਵਾਨਗੀਆਂ ਨੂੰ ਸਮਰੱਥ ਬਣਾਉਂਦੀਆਂ ਹਨ। ਉਨ੍ਹਾਂ ਨੇ ਪੰਜਾਬ ਦੇ ਉਦਯੋਗਿਕ ਬੁਨਿਆਦੀ ਢਾਂਚੇ `ਤੇ ਵੀ ਚਾਨਣਾ ਪਾਇਆ ਅਤੇ ਕਿਹਾ ਕਿ 1.4 ਲੱਖ ਕਰੋੜ ਰੁਪਏ ਤੋਂ ਵੱਧ ਦਾ ਜ਼ਮੀਨੀ ਨਿਵੇਸ਼ ਜੋ ਪਹਿਲਾਂ ਹੀ ਇਨਵੈਸਟ ਪੰਜਾਬ ਰਾਹੀਂ ਯਕੀਨੀ ਬਣਾਇਆ ਜਾ ਚੁੱਕਾ ਹੈ। ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦਾ ਦ੍ਰਿਸ਼ਟੀਕੋਣ ਸਰਲ ਅਤੇ ਸਪੱਸ਼ਟ ਹੈ ਕਿ ਨੀਤੀ ਵਿੱਚ ਸਥਿਰਤਾ, ਫੈਸਲੇ ਲੈਣ ਵਿੱਚ ਗਤੀ ਅਤੇ ਨਿਵੇਸ਼ਕਾਂ ਦੇ ਸਮੇਂ ਅਤੇ ਵਿਸ਼ਵਾਸ ਦਾ ਸਤਿਕਾਰ ਕਰਨ ਵਾਲੀ ਸ਼ਾਸਨ ਪ੍ਰਣਾਲੀ ਦੀ ਪੇਸ਼ਕਸ਼ ਕਰ ਕੇ ਪੰਜਾਬ ਨੂੰ ਵਿਸ਼ਵ ਉਦਯੋਗ ਲਈ ਪਸੰਦੀਦਾ ਸਥਾਨ ਬਣਾਇਆ ਜਾਵੇ।


ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦਾ ਦ੍ਰਿਸ਼ਟੀਕੋਣ ਸਾਂਝੇਦਾਰੀ ਅਤੇ ਉਦਯੋਗਾਂ ਨਾਲ ਮਿਲ ਕੇ ਕੰਮ ਕਰਨ, ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝ ਕੇ ਅਤੇ ਇਹ ਯਕੀਨੀ ਬਣਾ ਕੇ ਕਿ ਸਰਕਾਰ ਵਿਕਾਸ ਦੇ ਪ੍ਰੇਰਕ ਵਜੋਂ ਕੰਮ ਕਰੇ, ਉੱਤੇ ਅਧਾਰਤ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਨੇ ਆਪਣੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ, ਆਪਣੀ ਉਦਯੋਗਿਕ ਸਮਰੱਥਾ ਦਾ ਵਿਸਥਾਰ ਕੀਤਾ ਹੈ ਅਤੇ ਨਿਵੇਸ਼ ਲਈ ਨਵੇਂ ਰਸਤੇ ਖੋਲ੍ਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੇ ਉਦਯੋਗ ਵਿਚਕਾਰ ਭਾਈਵਾਲੀ ਸਫ਼ਲਤਾ ਦੀ ਕੁੰਜੀ ਹੈ ਅਤੇ ਸੂਬਾ ਸਰਕਾਰ ਦਾ ਦ੍ਰਿੜ੍ਹ ਵਿਸ਼ਵਾਸ ਹੈ ਕਿ ਉਦਯੋਗਿਕ ਵਿਕਾਸ ਸਿਰਫ਼ ਉਦੋਂ ਹੀ ਹੋ ਸਕਦਾ ਹੈ, ਜਦੋਂ ਦੋਵੇਂ ਧਿਰਾਂ ਬਰਾਬਰ ਭਾਈਵਾਲਾਂ ਵਜੋਂ ਕੰਮ ਕਰਦੀਆਂ ਹਨ।


ਮੁੱਖ ਮੰਤਰੀ ਨੇ ਨਿਵੇਸ਼ਕਾਂ ਨੂੰ 13 ਤੋਂ 15 ਮਾਰਚ 2026 ਤੱਕ ਆਈ.ਐਸ.ਬੀ. ਮੋਹਾਲੀ ਕੈਂਪਸ ਵਿਖੇ ਹੋਣ ਵਾਲੇ ਛੇਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਸੰਮੇਲਨ ਪੰਜਾਬ ਦੀ ਤਰੱਕੀ ਨੂੰ ਦਰਸਾਏਗਾ, ਮੋਹਰੀ ਉਦਯੋਗਪਤੀਆਂ ਨੂੰ ਇਕੱਠੇ ਕਰੇਗਾ ਅਤੇ ਭਾਈਵਾਲੀ ਤੇ ਸਹਿਯੋਗ ਲਈ ਨਵੇਂ ਮੌਕੇ ਪੇਸ਼ ਕਰੇਗਾ। ਉਨ੍ਹਾਂ ਦੁਹਰਾਇਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣ ਲਈ ਪੂਰੀ ਤਰ੍ਹਾਂ ਸਮਰਪਿਤ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।


ਇਸ ਦੌਰਾਨ ਮੁੱਖ ਮੰਤਰੀ ਵੱਲੋਂ ਵਿਛਾਏ ਗਏ ‘ਰੈੱਡ ਕਾਰਪੈੱਟ’ ਤੋਂ ਉਤਸ਼ਾਹਿਤ ਦੱਖਣੀ ਕੋਰੀਆ ਦੀਆਂ ਕੰਪਨੀਆਂ ਨੇ ਪੰਜਾਬ ਵਿੱਚ ਨਿਵੇਸ਼ ਕਰਨ ਵਿੱਚ ਡੂੰਘੀ ਦਿਲਚਸਪੀ ਦਿਖਾਈ। ਭਗਵੰਤ ਸਿੰਘ ਮਾਨ ਨੇ ਉਮੀਦ ਜ਼ਾਹਰ ਕੀਤੀ ਕਿ ਅਜਿਹੇ ਨਿਵੇਸ਼ ਨਾ ਸਿਰਫ਼ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨਗੇ, ਸਗੋਂ ਸੂਬੇ ਦੇ ਆਰਥਿਕ ਵਿਕਾਸ ਨੂੰ ਹੋਰ ਤੇਜ਼ ਕਰਨਗੇ। ਉਨ੍ਹਾਂ ਨੇ ਦੱਖਣੀ ਕੋਰੀਆ ਦੇ ਨਿਵੇਸ਼ਕਾਂ ਨੂੰ ਸੂਬਾ ਸਰਕਾਰ ਵੱਲੋਂ ਹਰ ਮੋਰਚੇ `ਤੇ ਪੂਰਾ ਸਮਰਥਨ ਤੇ ਸਹਿਯੋਗ ਦੇਣ ਦਾ ਭਰੋਸਾ ਵੀ ਦਿੱਤਾ ਅਤੇ ਕਿਹਾ ਕਿ ਸੂਬੇ ਵਿੱਚ ਉਦਯੋਗਿਕ ਵਿਕਾਸ ਨੂੰ ਹੋਰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।


ਮੁੱਖ ਮੰਤਰੀ ਨੇ ਕਿਹਾ ਕਿ ਸਿਓਲ ਵਿੱਚ ਇਹ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਦੱਖਣੀ ਕੋਰੀਆ ਨਾਲ ਡੂੰਘੀ ਆਰਥਿਕ ਭਾਈਵਾਲੀ ਬਣਾਉਣ ਅਤੇ ਸੂਬੇ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਦੀ ਅੰਤਰਰਾਸ਼ਟਰੀ ਪਹੁੰਚ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਇਸ ਸਮਾਗਮ ਵਿੱਚ ਕਾਰਪੋਰੇਟ ਆਗੂਆਂ, ਵਿੱਤੀ ਸਲਾਹਕਾਰਾਂ, ਖੋਜ ਅਤੇ ਵਿਕਾਸ ਸੰਗਠਨਾਂ, ਵਪਾਰਕ ਸੰਗਠਨਾਂ ਅਤੇ ਕੋਰੀਆ ਵਿੱਚ ਭਾਰਤੀ ਤੇ ਪੰਜਾਬੀ ਭਾਈਚਾਰੇ ਦੇ ਮੈਂਬਰਾਂ ਦੀ ਜ਼ੋਰਦਾਰ ਭਾਗੀਦਾਰੀ ਦੇਖਣ ਨੂੰ ਮਿਲੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਰੋਡ ਸ਼ੋਅ ਨੇ ਦੱਖਣੀ ਕੋਰੀਆ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੀ ਇਕ ਵਿਸ਼ਾਲ ਸ਼਼੍ਰੇਣੀ ਦੇ ਸੀਨੀਅਰ ਪ੍ਰਤੀਨਿਧੀਆਂ ਨੂੰ ਆਕਰਸ਼ਿਤ ਕੀਤਾ, ਜਿਨ੍ਹਾਂ ਵਿੱਚ ਬਲੂਮਬਰਗ, ਬ੍ਰਿਕਸ ਇੰਡੀਆ ਟਰੇਡ ਪ੍ਰਾਈਵੇਟ ਲਿਮਟਿਡ, ਪ੍ਰਮੁੱਖ ਕਾਨੂੰਨੀ ਫਰਮਾਂ ਕਿਮ ਐਂਡ ਚਾਂਗ ਅਤੇ ਸ਼ਿਨ ਐਂਡ ਕਿਮ ਐਲ.ਐਲ.ਸੀ., ਕੋਰੀਅਨ ਐਸੋਸੀਏਸ਼ਨ ਆਫ ਸੀਨੀਅਰ ਸਾਇੰਟਿਸਟਸ ਐਂਡ ਇੰਜਨੀਅਰਜ਼, ਕੋਟਰਾ, ਡਾਇਯੰਗ ਕਾਰਪੋਰੇਸ਼ਨ, ਗਾਵੋਨ ਇੰਟਰਨੈਸ਼ਨਲ ਕੰਪਨੀ ਲਿਮਟਿਡ, ਟੈਗਹਾਈਵ, ਪੰਜਾਬੀ ਐਸੋਸੀਏਸ਼ਨ ਆਫ਼ ਕੋਰੀਆ, ਇਨਮੈਕ ਗਲੋਬਲ ਆਦਿ ਸ਼ਾਮਲ ਹਨ।


ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਭਾਗੀਦਾਰੀ ਨੇ ਪੰਜਾਬ ਨਾਲ ਵਪਾਰਕ ਮੌਕਿਆਂ, ਭਾਈਵਾਲੀ ਅਤੇ ਡੂੰਘੇ ਸਬੰਧਾਂ ਦੀ ਭਾਲ ਵਿੱਚ ਮਜ਼ਬੂਤ ਦਿਲਚਸਪੀ ਦਿਖਾਈ। ਕਾਰੋਬਾਰੀਆਂ ਨੂੰ ਪੂਰੀ ਸਹੂਲਤ ਅਤੇ ਸਹਿਯੋਗੀ ਵਪਾਰਕ ਵਾਤਾਵਰਨ ਦਾ ਭਰੋਸਾ ਦਿੰਦੇ ਹੋਏ ਉਨ੍ਹਾਂ ਨੇ ਦੱਖਣੀ ਕੋਰੀਆ ਦੇ ਉਦਯੋਗਪਤੀਆਂ ਨੂੰ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ 2026 ਵਿੱਚ ਹਿੱਸਾ ਲੈਣ ਲਈ ਨਿੱਘਾ ਸੱਦਾ ਦਿੱਤਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਿਓਲ ਰੋਡ ਸ਼ੋਅ ਪੰਜਾਬ ਦੇ ਅੰਤਰਰਾਸ਼ਟਰੀ ਪਹੁੰਚ ਵਿੱਚ ਮਹੱਤਵਪੂਰਨ ਮੀਲ ਪੱਥਰ ਹੈ ਅਤੇ ਵਿਸ਼ਵ-ਵਿਆਪੀ ਨਿਵੇਸ਼ਕਾਂ ਲਈ ਭਰੋਸੇਮੰਦ, ਭਵਿੱਖ ਲਈ ਤਿਆਰ ਮੰਜ਼ਿਲ ਵਜੋਂ ਸੂਬੇ ਦੀ ਸਥਿਤੀ ਨੂੰ ਮਜ਼ਬੂਤ ਕਰਦਾ ਹੈ।


 

Tags

Post a Comment

0 Comments
* Please Don't Spam Here. All the Comments are Reviewed by Admin.

Photo Section

 

Embed from Getty Images

Hollywood Movies