ਪੰਜਾਬ ਵਿੱਚ ਚਿਪ ਵਾਲੇ ਬਿਜਲੀ ਮੀਟਰਾਂ ਦੇ ਵਿਰੋਧ ਨੇ ਨਵਾਂ ਰੁੱਖ ਧਾਰ ਲਿਆ ਹੈ, ਜਦੋਂ ਕਿਸਾਨ ਮਜ਼ਦੂਰ ਮੋਰਚਾ (KMM) ਨੇ ਲੁਧਿਆਣਾ ਜ਼ਿਲ੍ਹੇ ਤੋਂ ਮੀਟਰ ਉਤਾਰਨ ਦੀ ਮੁਹਿੰਮ ਦਾ ਆਗਾਜ਼ ਕੀਤਾ। ਇਹ ਕਾਰਵਾਈ ਬਿਜਲੀ ਮੰਤਰੀ ਸੰਜੀਵ ਅਰੋੜਾ ਦੇ ਆਪਣੇ ਗ੍ਰਹਿ ਜ਼ਿਲ੍ਹੇ ਤੋਂ ਸ਼ੁਰੂ ਹੋਈ, ਜਿਸ ਦੇ ਤਹਿਤ KMM ਆਗੂ ਦਿਲਬਾਗ ਸਿੰਘ ਦੀ ਅਗਵਾਈ ਵਿੱਚ ਸਸੁਰਾਲੀ ਪਿੰਡ ਵਿੱਚ ਸਾਬਕਾ ਸਰਪੰਚ ਚਰਨਜੀਤ ਸਿੰਘ ਦੇ ਘਰ ਲੱਗਿਆ ਚਿਪ ਵਾਲਾ ਮੀਟਰ ਉਤਾਰਿਆ ਗਿਆ। ਆਗੂਆਂ ਦਾ ਦਾਅਵਾ ਹੈ ਕਿ ਬਿਨਾਂ ਸਹਿਮਤੀ ਲੋਕਾਂ ਦੇ ਘਰਾਂ ‘ਚ ਇਹ ਨਵੇਂ ਮੀਟਰ ਲਗਾਏ ਜਾ ਰਹੇ ਹਨ।
ਸਾਬਕਾ ਸਰਪੰਚ ਚਰਨਜੀਤ ਸਿੰਘ ਨੇ ਦੱਸਿਆ ਕਿ ਪਾਵਰਕਾਮ ਵੱਲੋਂ ਉਨ੍ਹਾਂ ਦੇ ਘਰ ਜਬਰਦਸਤੀ ਇਹ ਚਿਪ ਵਾਲਾ ਮੀਟਰ ਲਗਾ ਦਿੱਤਾ ਗਿਆ ਸੀ, ਜਿਸ ਨਾਲ ਬਿਜਲੀ ਬਿੱਲ ਅਤੇ ਖਪਤ ਬਾਰੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲ ਰਹੀ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਨੇ ਕਿਸਾਨ ਯੂਨੀਅਨ ਅਤੇ KMM ਨੂੰ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਹ ਮੀਟਰ ਉਤਾਰਨ ਦੀ ਕਾਰਵਾਈ ਕੀਤੀ ਗਈ। ਇਸੇ ਤਰ੍ਹਾਂ ਹੋਰ ਉਪਭੋਗਤਾਵਾਂ ਵੱਲੋਂ ਵੀ ਮੰਗਾਂ ਆ ਰਹੀਆਂ ਹਨ, ਜਿਸ ਕਾਰਨ ਹੁਣ ਤੱਕ 10 ਤੋਂ 12 ਮੀਟਰ ਉਤਾਰੇ ਜਾ ਚੁੱਕੇ ਹਨ।
KMM ਆਗੂ ਦਿਲਬਾਗ ਸਿੰਘ ਨੇ ਸਰਕਾਰ ‘ਤੇ ਦੋਸ਼ ਲਗਾਇਆ ਕਿ ਚਿਪ ਵਾਲੇ ਮੀਟਰਾਂ ਰਾਹੀਂ ਬਿਜਲੀ ਪ੍ਰਣਾਲੀ ਦਾ ਨਿੱਜੀਕਰਨ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਮੀਟਰ ਉਤਾਰੇ ਜਾ ਰਹੇ ਹਨ, ਉਹ PSPCL ਦੇ ਦਫ਼ਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ। ਇਸ ਦੌਰਾਨ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਕਿਸੇ ਵੀ ਉਪਭੋਗਤਾ ‘ਤੇ ਕਾਰਵਾਈ ਕੀਤੀ ਗਈ ਤਾਂ ਇਸਦਾ ਜਵਾਬ ਉਹਨਾਂ ਨੂੰ ਦੇਣਾ ਪਵੇਗਾ ਅਤੇ ਜੇ ਕੋਈ ਕਾਰਵਾਈ ਕਰਨੀ ਹੈ ਤਾਂ ਉਹ ਸਿੱਧੀ ਕਿਸਾਨ ਆਗੂਆਂ ਵਿਰੁੱਧ ਕੀਤੀ ਜਾਵੇ।
ਉਪਭੋਗਤਾਵਾਂ ਨੇ ਵੀ ਨਵੇਂ ਮੀਟਰਾਂ ਨਾਲ ਜੁੜੀਆਂ ਮੁਸ਼ਕਲਾਂ ਬਿਆਨ ਕੀਤੀਆਂ। ਜਸਵੀਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਪੁਰਾਣਾ ਮੀਟਰ ਸੜ ਜਾਣ ਤੋਂ ਬਾਅਦ ਪਾਵਰਕਾਮ ਨੇ ਚਿਪ ਵਾਲਾ ਮੀਟਰ ਬਿਨਾਂ ਸਹਿਮਤੀ ਲਗਾ ਦਿੱਤਾ। ਇਸ ਮੀਟਰ ਰਾਹੀਂ ਨਾ ਤਾਂ ਖਪਤ ਦੀ ਸਹੀ ਜਾਣਕਾਰੀ ਮਿਲਦੀ ਹੈ ਅਤੇ ਨਾ ਹੀ ਬਿੱਲ ਸਪਸ਼ਟ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਨੇ ਕਿਸਾਨ ਯੂਨੀਅਨ ਨਾਲ ਸੰਪਰਕ ਕੀਤਾ। ਕਿਸਾਨ ਆਗੂਆਂ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਜਦ ਤੱਕ ਸਰਕਾਰ ਚਿਪ ਵਾਲੇ ਮੀਟਰਾਂ ਬਾਰੇ ਪੂਰੀ ਨੀਤੀ ਅਤੇ ਭਰੋਸਾ ਨਹੀਂ ਦਿੰਦੀ, ਇਹ ਵਿਰੋਧ ਮੁਹਿੰਮ ਰੁਕੇਗੀ ਨਹੀਂ।

