ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਕਈ ਉਪਰਾਲੇ ਕਰ ਰਹੀ ਹੈ। ਹਾਲ ਹੀ ਵਿੱਚ ਕੁਝ ਇਲਾਕਿਆਂ ਵਿੱਚ ਆਏ ਹੜ੍ਹਾਂ ਨੂੰ ਧਿਆਨ ਵਿੱਚ ਰੱਖਦਿਆਂ, ਸਿਹਤ ਮੰਤਰੀ ਡਾ. ਬਲਬੀਰ ਸਿੰਘ ਮਾਨ ਦੇ ਹੁਕਮਾਂ ਅਨੁਸਾਰ ਜਿਲ੍ਹਾ ਫਾਜ਼ਿਲਕਾ ਵਿੱਚ ਨਵੇਂ ਜਨਰਲ ਮੈਡੀਕਲ ਅਫ਼ਸਰਾਂ ਦੀ ਤੈਨਾਤੀ ਕੀਤੀ ਗਈ ਹੈ। ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਨਿਗਰਾਨੀ ਵਿੱਚ ਇਹਨਾਂ 33 ਨਵੇਂ ਮੈਡੀਕਲ ਅਫ਼ਸਰਾਂ ਨੇ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ ਹੈ ਅਤੇ ਇਹ ਸਾਰੇ ਡਾਕਟਰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਮੈਡੀਕਲ ਟੀਮਾਂ ਅਤੇ ਰਾਹਤ ਕੈਂਪਾਂ ਵਿੱਚ ਕੰਮ ਕਰਨਗੇ। ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਨਵੇਂ ਮੈਡੀਕਲ ਅਫ਼ਸਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਆਪਣੀ ਸੇਵਾ ਪੂਰੇ ਜੋਸ਼ ਨਾਲ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਿਵਲ ਸਰਜਨ ਫਾਜ਼ਿਲਕਾ ਨੂੰ ਆਪਣੀ ਡਿਊਟੀ ਵਫ਼ਾਦਾਰੀ ਨਾਲ ਨਿਭਾਉਣ ਦਾ ਵਿਸ਼ਵਾਸ ਦਿਵਾਇਆ ਹੈ। ਇਸ ਮੌਕੇ ਤੇ ਜਿਲ੍ਹਾ ਮਾਸ ਮੀਡੀਆ ਅਫ਼ਸਰ ਵਿਨੋਦ ਖੁਰਾਣਾ, ਬਲਾਕ ਐਕਸਟੈਂਸ਼ਨ ਐਜੂਕੇਟਰ ਦਿਵੇਸ਼ ਕੁਮਾਰ ਅਤੇ ਮੋਹਿਤ ਕੁਮਾਰ ਵੀ ਮੌਜੂਦ ਸਨ।