ਦੇਸ਼ ਦੇ ਕਈ ਸੂਬਿਆਂ ਵਿੱਚ ਬੱਚਿਆਂ ਦੀਆਂ ਮੌਤਾਂ ਦਾ ਕਾਰਨ ਬਣੇ ਖੰਘ ਦੇ ਸੀਰਪ 'ਕੋਲਡਰਿਫ਼' (Coldrif) ਨੂੰ ਪੰਜਾਬ ਸਰਕਾਰ ਨੇ ਬੈਨ ਕਰ ਦਿੱਤਾ ਹੈ। ਪੰਜਾਬ ਦੇ ਸਾਂਝੇ ਕਮਿਸ਼ਨਰ (ਡਰੱਗਜ਼) ਨੇ ਇਸ ਸੀਰਪ ਦੀ ਵਿਕਰੀ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ।
ਸਰਕਾਰ ਦਾ ਇਹ ਫੈਸਲਾ ਦੇਸ਼ ਭਰ ਵਿੱਚ ਇਸ ਦਵਾਈ ਨਾਲ ਹੋਈਆਂ ਦੁਖਦਾਈ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ, ਜਿਸ ਵਿੱਚ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ ਸੀ।
ਸੀਰਪ ਵਿੱਚ ਪਾਇਆ ਗਿਆ ਜ਼ਹਿਰੀਲਾ ਰਸਾਇਣ
ਜਾਣਕਾਰੀ ਮੁਤਾਬਕ, 'ਕੋਲਡਰਿਫ਼' ਕਫ਼ ਸੀਰਪ ਦੇ ਸੈਂਪਲਾਂ ਵਿੱਚ 'ਡਾਈਥੀਲੀਨ ਗਲਾਈਕਾਲ' (Diethylene Glycol) ਨਾਮਕ ਇੱਕ ਜ਼ਹਿਰੀਲਾ ਤੱਤ 46.23% ਦੀ ਮਾਤਰਾ ਵਿੱਚ ਪਾਇਆ ਗਿਆ ਹੈ। ਇਹ ਤੱਤ ਆਮ ਤੌਰ 'ਤੇ ਉਦਯੋਗਿਕ ਇਕਾਈਆਂ ਵਿੱਚ ਵਰਤਿਆ ਜਾਂਦਾ ਹੈ ਅਤੇ ਮਨੁੱਖੀ ਸਰੀਰ ਲਈ ਬਹੁਤ ਖ਼ਤਰਨਾਕ ਹੈ।
ਮਾਹਿਰਾਂ ਅਨੁਸਾਰ, ਇਸ ਸੀਰਪ ਦੀ ਥੋੜ੍ਹੀ ਜਿਹੀ ਓਵਰਡੋਜ਼ ਵੀ ਬੱਚਿਆਂ ਲਈ ਜਾਨਲੇਵਾ ਸਾਬਤ ਹੋ ਸਕਦੀ ਹੈ। ਪੰਜਾਬ ਸਰਕਾਰ ਨੇ ਸੂਬੇ ਦੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਹ ਸਖ਼ਤ ਕਦਮ ਚੁੱਕਿਆ ਹੈ। ਸਾਰੇ ਮੈਡੀਕਲ ਸਟੋਰਾਂ ਨੂੰ ਤੁਰੰਤ ਇਸ ਦਵਾਈ ਦੀ ਵਿਕਰੀ ਬੰਦ ਕਰਨ ਦੀ ਹਦਾਇਤ ਕੀਤੀ ਗਈ ਹੈ।