ਬੰਗਾ ਇਲਾਕੇ ਵਿੱਚ ਮੰਗਲਵਾਰ ਸਵੇਰੇ ਇੱਕ ਵੱਡੀ ਕਾਰਵਾਈ ਦੌਰਾਨ ਪੰਜਾਬ ਪੁਲਿਸ ਨੇ ਸੋਨੂੰ ਖੱਤਰੀ ਗੈਂਗ ਨਾਲ ਸਬੰਧਤ ਇੱਕ ਲੋੜੀਂਦੇ ਗੈਂਗਸਟਰ ਨੂੰ ਮੁਕਾਬਲੇ ਵਿੱਚ ਜ਼ਖ਼ਮੀ ਕਰਕੇ ਕਾਬੂ ਕਰ ਲਿਆ। ਇਹ ਗੈਂਗਸਟਰ ਹਾਲ ਹੀ ਵਿੱਚ ਪਿੰਡ ਹੈਪੋਵਾਲ ਦੇ ਸਰਪੰਚ ਗੁਰਿੰਦਰ ਸਿੰਘ 'ਤੇ ਹੋਈ ਫਾਇਰਿੰਗ ਦੀ ਘਟਨਾ ਵਿੱਚ ਸ਼ਾਮਲ ਸੀ।
ਜ਼ਖ਼ਮੀ ਗੈਂਗਸਟਰ ਦੀ ਪਛਾਣ ਜਲੰਧਰ ਦੇ ਪਿੰਡ ਪਾਲਣ ਦੇ ਰਹਿਣ ਵਾਲੇ ਕਰਨਜੀਤ ਸਿੰਘ ਜੱਸਾ ਵਜੋਂ ਹੋਈ ਹੈ। ਉਸ ਨੂੰ ਗੋਲੀ ਲੱਗਣ ਮਗਰੋਂ ਤੁਰੰਤ ਬੰਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਹਥਿਆਰ ਲੁਕਾਉਣ ਦੀ ਥਾਂ 'ਤੇ ਹੋਈ ਮੁੱਠਭੇੜ
ਘਟਨਾ ਬਾਰੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਹਰਦੀਪ ਸਿੰਘ (ਸਬ-ਡਵੀਜ਼ਨ ਬੰਗਾ) ਨੇ ਦੱਸਿਆ ਕਿ ਪੁਲਿਸ ਟੀਮ ਗ੍ਰਿਫ਼ਤਾਰ ਕੀਤੇ ਗਏ ਗੈਂਗਸਟਰ ਜੱਸਾ ਨੂੰ ਉਸ ਦੇ ਦੱਸੇ ਟਿਕਾਣੇ, ਬੰਗਾ-ਫਗਵਾੜਾ ਮੁੱਖ ਸੜਕ ਨੇੜੇ ਇੱਕ ਕਮਰੇ ਵਿੱਚ, ਹਥਿਆਰ ਬਰਾਮਦ ਕਰਨ ਲਈ ਲੈ ਕੇ ਗਈ ਸੀ।
ਮੌਕੇ ਦਾ ਫਾਇਦਾ ਚੁੱਕਦਿਆਂ ਗੈਂਗਸਟਰ ਨੇ ਅਚਾਨਕ ਪੁਲਿਸ 'ਤੇ ਤਿੰਨ ਰਾਊਂਡ ਫਾਇਰ ਕੀਤੇ। ਪੁਲਿਸ ਪਾਰਟੀ ਨੇ ਆਪਣੀ ਜਾਨ ਦੀ ਸੁਰੱਖਿਆ ਲਈ ਜਵਾਬੀ ਗੋਲੀਬਾਰੀ ਕੀਤੀ, ਜਿਸ ਦੌਰਾਨ ਜੱਸਾ ਦੀ ਲੱਤ 'ਤੇ ਗੋਲੀ ਲੱਗੀ ਅਤੇ ਉਹ ਜ਼ਖ਼ਮੀ ਹੋ ਗਿਆ। ਪੁਲਿਸ ਨੇ ਘਟਨਾ ਵਾਲੀ ਥਾਂ ਤੋਂ 32 ਬੋਰ ਦੀ ਪਿਸਤੌਲ ਬਰਾਮਦ ਕੀਤੀ ਹੈ।
ਡੀ.ਐਸ.ਪੀ. ਨੇ ਦੱਸਿਆ ਕਿ ਜੱਸਾ, ਵਿਦੇਸ਼ ਬੈਠੇ ਸੋਨੂੰ ਖੱਤਰੀ ਦੇ ਇਸ਼ਾਰੇ 'ਤੇ ਕਤਲ, ਫਿਰੌਤੀ ਅਤੇ ਹੋਰ ਕਈ ਸੰਗੀਨ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਪੁਲਿਸ ਨੂੰ ਲੰਬੇ ਸਮੇਂ ਤੋਂ ਇਸਦੀ ਭਾਲ ਸੀ। ਪੁਲਿਸ ਵੱਲੋਂ ਇਸ ਮੁਕਾਬਲੇ ਦੀ ਅਗਲੇਰੀ ਜਾਂਚ ਜਾਰੀ ਹੈ।