ਆਮ ਆਦਮੀ ਪਾਰਟੀ ('ਆਪ') ਨੇ ਅੱਜ (ਐਤਵਾਰ) ਨੂੰ ਵੱਡਾ ਐਲਾਨ ਕਰਦਿਆਂ ਉੱਘੇ ਉਦਯੋਗਪਤੀ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਾਜਿੰਦਰ ਗੁਪਤਾ ਨੂੰ ਪੰਜਾਬ ਵਿੱਚ ਹੋਣ ਵਾਲੀ ਰਾਜ ਸਭਾ ਉਪ-ਚੋਣ ਲਈ ਆਪਣਾ ਉਮੀਦਵਾਰ ਨਾਮਜ਼ਦ ਕਰ ਦਿੱਤਾ ਹੈ। ਪਾਰਟੀ ਦੇ ਅਧਿਕਾਰਤ ਐਲਾਨ ਮੁਤਾਬਕ, ਰਾਜਿੰਦਰ ਗੁਪਤਾ 6 ਅਕਤੂਬਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਅਤੇ ਇਸ ਸੀਟ ਲਈ ਉਪ-ਚੋਣ 24 ਅਕਤੂਬਰ ਨੂੰ ਹੋਣੀ ਹੈ।
ਇਹ ਸੀਟ 'ਆਪ' ਦੇ ਪਿਛਲੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ਾ ਦੇਣ ਕਾਰਨ ਖਾਲੀ ਹੋਈ ਹੈ। ਸੰਜੀਵ ਅਰੋੜਾ ਦਾ ਕਾਰਜਕਾਲ ਭਾਵੇਂ 9 ਅਪ੍ਰੈਲ, 2028 ਨੂੰ ਖ਼ਤਮ ਹੋਣਾ ਸੀ, ਪਰ ਉਨ੍ਹਾਂ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਉਪ-ਚੋਣ ਲੜਨ ਲਈ ਆਪਣਾ ਅਹੁਦਾ ਛੱਡ ਦਿੱਤਾ ਸੀ। ਉਹ ਚੋਣ ਜਿੱਤ ਕੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਕੈਬਨਿਟ ਵਿੱਚ ਮੰਤਰੀ ਵਜੋਂ ਸੇਵਾ ਨਿਭਾ ਰਹੇ ਹਨ।
ਸਰਕਾਰੀ ਅਹੁਦਿਆਂ ਤੋਂ ਅਸਤੀਫ਼ੇ ਤੋਂ ਬਾਅਦ ਨਾਮਜ਼ਦਗੀ
ਰਾਜਿੰਦਰ ਗੁਪਤਾ ਨੇ 4 ਅਕਤੂਬਰ ਨੂੰ ਅਚਾਨਕ ਦੋ ਮਹੱਤਵਪੂਰਨ ਸਰਕਾਰੀ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪੰਜਾਬ ਸਰਕਾਰ ਵਿੱਚ ਰਾਜ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ-ਚੇਅਰਮੈਨ ਅਤੇ ਕਾਲੀ ਦੇਵੀ ਮੰਦਰ ਸਲਾਹਕਾਰ ਕਮੇਟੀ ਦੇ ਪ੍ਰਧਾਨ ਸਨ। ਉਨ੍ਹਾਂ ਦੇ ਅਸਤੀਫ਼ੇ ਤੋਂ ਬਾਅਦ ਹੀ ਉਨ੍ਹਾਂ ਨੂੰ 'ਆਪ' ਵੱਲੋਂ ਰਾਜ ਸਭਾ ਲਈ ਉਮੀਦਵਾਰ ਬਣਾਉਣ ਦੀਆਂ ਅਟਕਲਾਂ ਲੱਗ ਰਹੀਆਂ ਸਨ, ਜਿਸ 'ਤੇ ਅੱਜ ਮੋਹਰ ਲੱਗ ਗਈ ਹੈ।
30 ਰੁਪਏ ਦਿਹਾੜੀ ਤੋਂ 10,000 ਕਰੋੜ ਦੇ ਕਾਰੋਬਾਰੀ ਸਾਮਰਾਜ ਤੱਕ ਦਾ ਸਫ਼ਰ
ਰਾਜਿੰਦਰ ਗੁਪਤਾ ਦਾ ਜੀਵਨ ਬੇਹੱਦ ਸੰਘਰਸ਼ਮਈ ਰਿਹਾ ਹੈ। ਉਨ੍ਹਾਂ ਦਾ ਜਨਮ 1959 ਵਿੱਚ ਲੁਧਿਆਣਾ ਵਿੱਚ ਹੋਇਆ। ਘਰੇਲੂ ਮਜਬੂਰੀਆਂ ਕਾਰਨ ਉਨ੍ਹਾਂ ਨੇ ਸਿਰਫ਼ 14 ਸਾਲ ਦੀ ਉਮਰ ਵਿੱਚ ਸਕੂਲ ਛੱਡ ਦਿੱਤਾ। ਉਨ੍ਹਾਂ ਨੇ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਪ੍ਰਤੀ ਦਿਨ ਸਿਰਫ਼ 30 ਰੁਪਏ ਦੀ ਮਜ਼ਦੂਰੀ ਕੀਤੀ। ਉਨ੍ਹਾਂ ਨੇ ਸਾਲ 1976 ਵਿੱਚ ਮੋਮਬੱਤੀ ਬਣਾਉਣ ਦੀ ਇੱਕ ਛੋਟੀ ਫੈਕਟਰੀ ਨਾਲ ਕਾਰੋਬਾਰ ਦੀ ਸ਼ੁਰੂਆਤ ਕੀਤੀ। 1990 ਵਿੱਚ ਉਨ੍ਹਾਂ ਨੇ ਟ੍ਰਾਈਡੈਂਟ ਗਰੁੱਪ ਦੀ ਸਥਾਪਨਾ ਕੀਤੀ, ਜੋ ਅੱਜ ਟੈਕਸਟਾਈਲ, ਪੇਪਰ ਅਤੇ ਕੈਮੀਕਲ ਸਮੇਤ ਕਈ ਖੇਤਰਾਂ ਵਿੱਚ ਇੱਕ ਪ੍ਰਮੁੱਖ ਭਾਰਤੀ ਉਦਯੋਗਪਤੀ ਵਜੋਂ ਜਾਣੇ ਜਾਂਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ, ਉਨ੍ਹਾਂ ਦੀ ਕੁੱਲ ਜਾਇਦਾਦ 1.2 ਬਿਲੀਅਨ ਡਾਲਰ (ਲਗਭਗ 10,000 ਕਰੋੜ ਰੁਪਏ) ਹੈ। ਉਨ੍ਹਾਂ ਦੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਮਧੂ ਗੁਪਤਾ ਅਤੇ ਦੋ ਬੱਚੇ ਹਨ।