ਸੁਰੱਖਿਆ ਬਲਾਂ ਦੇ ਕੈਂਪ ਵਿੱਚ ਇੱਕ ਵੱਡੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਟਿਆਲਾ ਦੇ ਚੌਰਾ ਕੈਂਪ ਵਿੱਚ ਤਾਇਨਾਤ ਆਈਟੀਬੀਪੀ (ITBP) ਦੇ ਡਿਪਟੀ ਕਮਾਂਡੈਂਟ ਆਯੂਸ਼ ਦੀਪਕ (46) ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹ ਮੰਦਭਾਗੀ ਘਟਨਾ 3 ਅਕਤੂਬਰ ਦੀ ਸਵੇਰ ਨੂੰ ਵਾਪਰੀ, ਜਿਸ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਵਿੱਚ ਹਲਚਲ ਮਚ ਗਈ ਹੈ। ਮਾਮਲੇ ਦੀ ਜਾਂਚ ਦੌਰਾਨ ਮ੍ਰਿਤਕ ਦੀ ਜੇਬ 'ਚੋਂ ਇੱਕ ਸੁਸਾਈਡ ਨੋਟ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਖੁਦਕੁਸ਼ੀ ਲਈ ਬਿਹਾਰ ਦੇ ਇੱਕ ਪੁਲਿਸ ਅਧਿਕਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਪਟਿਆਲਾ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ, ਮ੍ਰਿਤਕ ਦੇ ਸਾਲੇ ਅਕਾਸ਼ ਜੈਨ (ਚੰਡੀਗੜ੍ਹ ਵਾਸੀ) ਦੀ ਸ਼ਿਕਾਇਤ 'ਤੇ ਐਫ.ਆਈ.ਆਰ. ਦਰਜ ਕਰ ਲਈ ਹੈ। ਇਹ ਮਾਮਲਾ ਭਾਗਲਪੁਰ, ਬਿਹਾਰ ਦੇ ਥਾਣਾ ਲਾਲ ਮਤੀਆ ਦੇ ਮੁਖੀ ਰਾਜੀਵ ਰੰਜਨ ਦੇ ਖ਼ਿਲਾਫ਼ ਦਰਜ ਕੀਤਾ ਗਿਆ ਹੈ।
ਪਰਿਵਾਰਕ ਵਿਵਾਦ 'ਤੇ ਮਾਨਸਿਕ ਤਸ਼ੱਦਦ
ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਨੂੰ ਦੱਸਿਆ ਕਿ ਡਿਪਟੀ ਕਮਾਂਡੈਂਟ ਆਯੂਸ਼ ਦੀਪਕ ਦਾ ਇੱਕ ਨਿੱਜੀ ਪਰਿਵਾਰਕ ਮਾਮਲਾ ਭਾਗਲਪੁਰ ਥਾਣੇ ਵਿੱਚ ਚੱਲ ਰਿਹਾ ਸੀ। ਇਸ ਮਾਮਲੇ ਦੇ ਸਬੰਧ ਵਿੱਚ ਹੀ ਥਾਣਾ ਮੁਖੀ ਰਾਜੀਵ ਰੰਜਨ ਕਥਿਤ ਤੌਰ 'ਤੇ ਦੀਪਕ ਨੂੰ ਵਾਰ-ਵਾਰ ਫੋਨ ਕਰਕੇ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਪਰਿਵਾਰ ਦਾ ਦੋਸ਼ ਹੈ ਕਿ ਇਸ ਲਗਾਤਾਰ ਮਾਨਸਿਕ ਦਬਾਅ ਕਾਰਨ ਹੀ ਦੀਪਕ ਨੂੰ ਖੁਦਕੁਸ਼ੀ ਵਰਗਾ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ।
ਕਮਰੇ ਅੰਦਰ ਲਾਸ਼ ਲਟਕਦੀ ਮਿਲੀ
ਘਟਨਾ ਵਾਲੇ ਦਿਨ ਸ਼ੁੱਕਰਵਾਰ ਸਵੇਰੇ, ਦੀਪਕ ਦੀ ਭੈਣ (ਜੋ ਸੈਕਟਰ-33, ਚੰਡੀਗੜ੍ਹ ਵਿੱਚ ਰਹਿੰਦੀ ਹੈ) ਨੇ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਜਦੋਂ ਕੋਈ ਜਵਾਬ ਨਾ ਮਿਲਿਆ ਤਾਂ ਉਸ ਦੇ ਸਾਥੀ ਕਰਮਚਾਰੀ ਵਿਕਾਸ ਨੂੰ ਪਤਾ ਕਰਨ ਲਈ ਕਿਹਾ। ਵਿਕਾਸ ਨੇ ਜਦੋਂ ਦੀਪਕ ਦੇ ਕਮਰੇ ਦੀ ਖਿੜਕੀ ਰਾਹੀਂ ਦੇਖਿਆ ਤਾਂ ਉਸ ਦੀ ਲਾਸ਼ ਛੱਤ ਨਾਲ ਲਟਕ ਰਹੀ ਸੀ। ਸਾਥੀ ਕਰਮਚਾਰੀਆਂ ਨੇ ਤੁਰੰਤ ਦਰਵਾਜ਼ਾ ਤੋੜਿਆ ਅਤੇ ਦੀਪਕ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਬਚਾਉਣ ਤੋਂ ਅਸਮਰੱਥਾ ਜ਼ਾਹਰ ਕਰਦਿਆਂ ਮ੍ਰਿਤਕ ਐਲਾਨ ਦਿੱਤਾ।
ਥਾਣਾ ਅਰਬਨ ਅਸਟੇਟ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸੁਸਾਈਡ ਨੋਟ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਮ੍ਰਿਤਕ ਥਾਣਾ ਮੁਖੀ ਰਾਜੀਵ ਰੰਜਨ ਦੀ ਪ੍ਰੇਸ਼ਾਨੀ ਕਾਰਨ ਖੁਦਕੁਸ਼ੀ ਕਰ ਰਿਹਾ ਹੈ। ਪੁਲਿਸ ਨੇ ਸੁਸਾਈਡ ਨੋਟ ਅਤੇ ਪਰਿਵਾਰ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।