ਹਲਕਾ ਅਜਨਾਲਾ ਦੇ ਪਿੰਡ ਕੋਟਲੀ ਅੰਬ ਵਿੱਚ ਹੜ੍ਹ ਨੇ ਕਿਸਾਨਾਂ ਦੀ ਮਿਹਨਤ ਅਤੇ ਸੁਪਨਿਆਂ ਨੂੰ ਤਬਾਹ ਕਰ ਦਿੱਤਾ। ਝੋਨੇ ਦੀ ਫਸਲ ਵਿੱਚ ਕਈ ਕਈ ਫੁੱਟ ਪਾਣੀ ਖੜ੍ਹਾ ਹੋਣ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਖੇਤਾਂ ਵਿੱਚ ਹੀ ਵਾਉਣ ਲਈ ਮਜਬੂਰ ਹੋਣਾ ਪਿਆ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਇਸ ਫਸਲ ਨੂੰ ਪੁੱਤਾਂ ਵਾਂਗ ਪਾਲਿਆ ਸੀ, ਪਰ ਅੱਜ ਕੱਟਣ ਦੀ ਬਜਾਏ ਖੇਤਾਂ ਵਿੱਚ ਹੀ ਮਿੱਟੀ ਨਾਲ ਮਿਲਾਉਣੀ ਪੈ ਰਹੀ ਹੈ।
ਕਿਸਾਨ ਜਗਦੀਪ ਸਿੰਘ ਨੇ ਹੰਜੂਆਂ ਨਾਲ ਆਪਣਾ ਦਰਦ ਬਿਆਨ ਕਰਦਿਆਂ ਕਿਹਾ ਕਿ ਇਸ ਫਸਲ ਤੋਂ ਵੱਡੀਆਂ ਉਮੀਦਾਂ ਸਨ। ਕਰਜ਼ੇ ਉਤਾਰਣੇ ਸਨ, ਖੇਤਾਂ ਦਾ ਠੇਕਾ ਦੇਣਾ ਸੀ, ਪਰ ਹੜਾਂ ਨੇ ਸਭ ਕੁਝ ਖਤਮ ਕਰ ਦਿੱਤਾ। ਹੁਣ ਮਹਿੰਗੇ ਡੀਜ਼ਲ ਨਾਲ ਖੇਤਾਂ ਵਿੱਚ ਮਲਚ ਕਰਨਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਜੇ ਫਸਲ ਚੰਗੀ ਨਿਕਲਦੀ ਤਾਂ ਕਿਸਾਨ ਖੁਸ਼ਹਾਲ ਹੋਣਗੇ, ਪਰ ਕੁਦਰਤ ਨੇ ਕੁਝ ਹੋਰ ਹੀ ਮਨਜ਼ੂਰ ਕੀਤਾ।
ਹੜ੍ਹ ਦੇ ਪਾਣੀ ਨਾਲ ਝੋਨੇ ਦੀ ਵੱਡੀ ਫਸਲ ਬਰਬਾਦ ਹੋ ਗਈ। ਇੱਕ ਪਾਸੇ ਝਾੜ ਤਬਾਹ ਹੋ ਗਿਆ ਤੇ ਦੂਜੇ ਪਾਸੇ ਡੀਜ਼ਲ ਤੇ ਲੇਬਰ ਦੇ ਵਧੇਰੇ ਖਰਚੇ ਨੇ ਕਿਸਾਨਾਂ ਦੀਆਂ ਮੁਸੀਬਤਾਂ ਹੋਰ ਵਧਾ ਦਿੱਤੀਆਂ। ਰਹਿੰਦ-ਖੂੰਦ ਫਸਲ ਤੇ ਪਰਾਲੀ ਨੂੰ ਵੀ ਖੇਤਾਂ ਵਿੱਚ ਹੀ ਮਿੱਟੀ ਨਾਲ ਮਿਲਾਉਣਾ ਪੈ ਰਿਹਾ ਹੈ। ਪਿੰਡ ਦੇ ਹੋਰ ਕਿਸਾਨਾਂ ਨੇ ਵੀ ਆਪਣੀ ਤਕਲੀਫ਼ ਦੱਸਦਿਆਂ ਸਰਕਾਰ ਤੋਂ ਤੁਰੰਤ 100% ਮੁਆਵਜ਼ੇ ਦੀ ਮੰਗ ਕੀਤੀ। ਉਹਨਾਂ ਚੇਤਾਵਨੀ ਦਿੱਤੀ ਕਿ ਜੇ ਮੁਆਵਜ਼ਾ ਸਮੇਂ ’ਤੇ ਨਾ ਮਿਲਿਆ ਤਾਂ ਕਿਸਾਨ ਕਰਜ਼ਿਆਂ ਦੇ ਬੋਝ ਹੇਠ ਦੱਬ ਜਾਣਗੇ। ਨਾਲ ਹੀ ਸਰਕਾਰ ਨੂੰ ਅਪੀਲ ਕੀਤੀ ਕਿ ਟੁੱਟੀਆਂ ਮੁਸੀਆਂ ਅਤੇ ਨਾਲਿਆਂ ਦੀ ਮੁਰੰਮਤ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਅਜਿਹੀ ਮੁਸੀਬਤ ਦਾ ਸਾਹਮਣਾ ਨਾ ਕਰਨਾ ਪਵੇ।