ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ਦੀ ਆਨੰਦਪੁਰ ਬਸਤੀ ਦਰਾਜ ਰੋਡ ਨਾਲ ਸੰਬੰਧਤ 26 ਸਾਲਾ ਸਿਪਾਹੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਅਸਾਮ ਵਿੱਚ ਦੁਖਦਾਈ ਮੌਤ ਹੋ ਗਈ। ਮੌਤ ਦਾ ਕਾਰਨ ਅਚਾਨਕ ਆਈ ਬਿਮਾਰੀ ਦੱਸਿਆ ਜਾ ਰਿਹਾ ਹੈ। ਲਵਲੀ ਗਿੱਲ ਸਿਪਾਹੀ ਸੁਰਜੀਤ ਸਿੰਘ ਦਾ ਪੁੱਤਰ ਸੀ ਅਤੇ ਗਰੀਬ ਪਰਿਵਾਰ ਨਾਲ ਸਬੰਧਿਤ ਸੀ।
2018 ਵਿੱਚ ਉਸਨੇ ਫੌਜ ਦੀ 18ਵੀਂ ਸਿੱਖ ਲਾਈਟ ਰੈਜੀਮੈਂਟ ਵਿੱਚ ਭਰਤੀ ਹੋ ਕੇ ਦੇਸ਼ ਸੇਵਾ ਦਾ ਸਫਰ ਸ਼ੁਰੂ ਕੀਤਾ ਸੀ। ਹਾਲ ਹੀ ਵਿੱਚ ਉਹ ਅਸਾਮ ਦੇ ਗੁਹਾਟੀ 'ਚ ਤਾਇਨਾਤ ਸੀ। ਚਾਰ ਮਹੀਨੇ ਪਹਿਲਾਂ ਉਹ ਛੁੱਟੀ 'ਤੇ ਘਰ ਆਇਆ ਸੀ ਤੇ ਵਾਪਸ ਡਿਊਟੀ ਤੇ ਪਰਤਣ ਤੋਂ ਕੁਝ ਹੀ ਸਮੇਂ ਬਾਅਦ ਬਿਮਾਰੀ ਕਾਰਨ ਉਸਦੀ ਹਾਲਤ ਵਿਗੜ ਗਈ ਅਤੇ ਮੌਤ ਹੋ ਗਈ।
ਲਵਲੀ ਗਿੱਲ ਨੇ ਆਪਣੇ ਮਾਪਿਆਂ ਅਤੇ ਛੋਟੇ ਭੈਣ-ਭਰਾਵਾਂ ਦੀ ਜ਼ਿੰਮੇਵਾਰੀ ਆਪਣੇ ਮੱਥੇ ਲਈ ਸੀ। ਉਸਦੇ ਪਿਤਾ ਮਜ਼ਦੂਰੀ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। 12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਹੀ ਲਵਲੀ ਗਿੱਲ ਨੇ ਫੌਜ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਸੀ, ਤਾ ਕਿ ਪਰਿਵਾਰ ਦੀ ਹਾਲਤ ਸੁਧਰ ਸਕੇ।
ਉਸਦਾ ਅੰਤਿਮ ਸੰਸਕਾਰ ਤਪਾ ਮੰਡੀ ਵਿੱਚ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ, ਜਿਸ ਵਿੱਚ ਫੌਜ ਦੀ ਇਕਾਈ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ ਅਤੇ ਧਾਰਮਿਕ ਰਸਮਾਂ ਅਨੁਸਾਰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਮੌਕੇ ਪਰਿਵਾਰ, ਰਿਸ਼ਤੇਦਾਰਾਂ ਅਤੇ ਤਪਾ ਮੰਡੀ ਦੇ ਵੱਡੇ ਗਿਣਤੀ ਵਿੱਚ ਨਿਵਾਸੀਆਂ ਨੇ ਹਾਜ਼ਰੀ ਭਰੀ। ਜ਼ਿਲ੍ਹਾ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਸਨ, ਹਾਲਾਂਕਿ ਮੌਜੂਦਾ ਰਾਜ ਸਰਕਾਰ ਦੇ ਕਿਸੇ ਪ੍ਰਮੁੱਖ ਨੇਤਾ ਦੀ ਹਾਜ਼ਰੀ ਦਰਜ ਨਹੀਂ ਹੋਈ।
ਇਸ ਮੌਕੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਧਾਲੀਵਾਲ ਤੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਅਪੀਲ ਕੀਤੀ ਕਿ ਦੇਸ਼ ਦੀ ਸੇਵਾ ਦੌਰਾਨ ਜਾਨ ਗੁਆਉਣ ਵਾਲੇ ਇਸ ਨੌਜਵਾਨ ਦੇ ਪਰਿਵਾਰ ਨੂੰ ਯੋਗ ਵਿੱਤੀ ਮੁਆਵਜ਼ਾ ਦਿੱਤਾ ਜਾਵੇ, ਤਾਂ ਜੋ ਬਾਕੀ ਪਰਿਵਾਰ ਆਪਣੀ ਰੋਜ਼ੀ-ਰੋਟੀ ਜਾਰੀ ਰੱਖ ਸਕੇ।

