ਲੁਧਿਆਣਾ ਦੇ ਕਮਿਸ਼ਨਰ ਆਫ ਪੁਲਿਸ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਦੇ ਦਿਸ਼ਾ-ਨਿਰਦੇਸ਼ਾਂ ਹੇਠ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਇਸ ਮੁਹਿੰਮ ਦੀ ਅਗਵਾਈ ਡਿਪਟੀ ਕਮਿਸ਼ਨਰ ਆਫ ਪੁਲਿਸ ਸਿਟੀ (ਦਿਹਾਤੀ) ਰੁਪਿੰਦਰ ਸਿੰਘ ਪੀ.ਪੀ.ਐਸ., ਵਧੀਕ ਡੀ.ਸੀ.ਪੀ. ਜੋਨ-4 ਵੈਭਵ ਸਹਿਗਲ ਪੀ.ਪੀ.ਐਸ., ਏ.ਸੀ.ਪੀ. ਇੰਡਸਟਰੀ ਏਰੀਆ-ਏ ਇੰਦਰਜੀਤ ਸਿੰਘ ਪੀ.ਪੀ.ਐਸ. ਅਤੇ ਇੰਸਪੈਕਟਰ ਅਮ੍ਰਿਤਪਾਲ ਸਿੰਘ, ਮੁੱਖ ਅਫਸਰ ਥਾਣਾ ਕੂੰਮ ਕਲਾਂ ਵੱਲੋਂ ਕੀਤੀ ਗਈ। ਇਨ੍ਹਾਂ ਅਧਿਕਾਰੀਆਂ ਦੇ ਸਹਿਯੋਗ ਨਾਲ ਪੁਲਿਸ ਪਾਰਟੀ ਨੇ ਚੌਕੀ ਕਟਾਣੀ ਕਲਾਂ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਨਸ਼ਾ ਤਸਕਰ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ।
ਮਿਤੀ 01 ਨਵੰਬਰ 2025 ਨੂੰ ਸ੍ਰੀ ਭੈਣੀ ਸਾਹਿਬ ਕੱਟ, ਕਟਾਣੀ ਕਲਾਂ ਲੁਧਿਆਣਾ ਵਿਖੇ ਪੁਲਿਸ ਪਾਰਟੀ ਵੱਲੋਂ ਨਾਕਾਬੰਦੀ ਕੀਤੀ ਗਈ ਸੀ। ਦੌਰਾਨੇ ਚੈਕਿੰਗ, ਸ਼ੱਕ ਦੇ ਅਧਾਰ ’ਤੇ ਇੱਕ ਨੌਜਵਾਨ ਜਗਦੀਪ ਸਿੰਘ ਉਰਫ ਜੱਗੀ ਪੁੱਤਰ ਮਨਜੀਤ ਸਿੰਘ ਵਾਸੀ ਪਿੰਡ ਕਟਾਣੀ ਕਲਾਂ ਨੂੰ ਰੋਕ ਕੇ ਤਲਾਸ਼ੀ ਲਈਆ ਗਈ। ਤਲਾਸ਼ੀ ਦੌਰਾਨ ਉਸਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਇਨ ਅਤੇ ਇੱਕ ਬੁੱਲੇਟ ਮੋਟਰਸਾਈਕਲ ਬਰਾਮਦ ਕੀਤੀ ਗਈ।
ਇਸ ਸਬੰਧੀ ਥਾਣਾ ਕੂੰਮ ਕਲਾਂ ਲੁਧਿਆਣਾ ਵਿਖੇ ਮੁਕੱਦਮਾ ਨੰਬਰ 130 ਮਿਤੀ 01-11-2025 ਅਧੀਨ ਧਾਰਾ 21, 61, 85 NDPS ਐਕਟ ਤਹਿਤ ਦਰਜ ਕੀਤਾ ਗਿਆ। ਦੋਸ਼ੀ ਜਗਦੀਪ ਸਿੰਘ ਉਰਫ ਜੱਗੀ ਨੂੰ ਹਸਬ-ਜਾਬਤਾ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਦੋਸ਼ੀ ਦੇ ਖਿਲਾਫ ਪਹਿਲਾਂ ਵੀ ਨਸ਼ਾ ਵੇਚਣ ਸਬੰਧੀ ਇੱਕ ਮੁਕੱਦਮਾ ਦਰਜ ਹੈ।
ਪੁਲਿਸ ਨੇ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਲੁਧਿਆਣਾ ਪੁਲਿਸ ਵੱਲੋਂ ਨਸ਼ੇ ਦੀ ਤਸਕਰੀ ਖਿਲਾਫ ਐਕਸ਼ਨ ਜਾਰੀ ਹੈ ਅਤੇ ਅਧਿਕਾਰੀ ਵਰਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਸ਼ਹਿਰ ਵਿੱਚ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਤੱਤ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

