ਪੰਜਾਬ ਦੇ ਸੁਖਣਵਾਲਾ ਵਿੱਚ ਹੋਏ ਗੁਰਵਿੰਦਰ ਸਿੰਘ ਹੱਤਿਆਕਾਂਡ ਦੇ ਤਿੰਨ ਮੁਲਜ਼ਮਾਂ ਨੂੰ ਫਰੀਦਕੋਟ ਦੀ ਅਦਾਲਤ ਨੇ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਇਸ ਕਤਲ ਮਾਮਲੇ ਵਿੱਚ ਗੁਰਵਿੰਦਰ ਦੀ ਪਤਨੀ ਰੁਪਿੰਦਰ ਕੌਰ, ਉਸ ਦਾ ਪ੍ਰੇਮੀ ਹਰਕੰਵਲਪ੍ਰੀਤ ਸਿੰਘ ਅਤੇ ਇੱਕ ਹੋਰ ਸਾਥੀ ਵਿਸ਼ਵਜੀਤ ਸ਼ਾਮਿਲ ਹਨ। ਪਹਿਲਾਂ ਇਹ ਤਿੰਨ ਮੁਲਜ਼ਮ ਪੁਲਿਸ ਰਿਮਾਂਡ ‘ਤੇ ਸਨ। ਅਦਾਲਤ ਨੇ ਪੁਲਿਸ ਦੀ ਤਿੰਨ ਦਿਨ ਦੀ ਰਿਮਾਂਡ ਮੰਗ ਨੂੰ ਰੱਦ ਕਰਦਿਆਂ, ਜੇਲ੍ਹ ਵਿੱਚ ਨਿਆਇਕ ਹਿਰਾਸਤ ਵਿੱਚ ਭੇਜਿਆ।
ਜਾਂਚ ਦੇ ਦੌਰਾਨ ਪਤਾ ਚਲਿਆ ਕਿ ਗੁਰਵਿੰਦਰ ਸਿੰਘ ਦੀ ਮੌਤ ਗਲਾ ਘੁੱਟ ਕੇ ਹੋਈ ਸੀ ਅਤੇ ਉਸ ਦੇ ਸਰੀਰ ’ਤੇ 10 ਤੋਂ 12 ਸੱਟਾਂ ਦੇ ਨਿਸ਼ਾਨ ਮਿਲੇ। ਮੁਲਜ਼ਮਾਂ ਵੱਲੋਂ ਉਸ ਨੂੰ ਜ਼ਹਿਰ ਵੀ ਦਿੱਤਾ ਗਿਆ ਸੀ। ਪੁਲਿਸ ਦੇ ਅਨੁਸਾਰ, ਰੁਪਿੰਦਰ ਕੌਰ ਨੇ ਗੁਰਵਿੰਦਰ ਦੀਆਂ ਬਾਹਾਂ ਫੜੀਆਂ ਹੋਈਆਂ ਸਨ ਜਦੋਂ ਉਸ ਦਾ ਪ੍ਰੇਮੀ ਹਰਕੰਵਲ ਸਿੰਘ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਇਹ ਖੁਲਾਸਾ ਮੁੱਢਲੀ ਪੋਸਟਮਾਰਟਮ ਰਿਪੋਰਟ ਅਤੇ ਹੋਰ ਜਾਂਚ ਵਿੱਚ ਸਾਹਮਣੇ ਆਇਆ।
ਅਦਾਲਤ ਵਿੱਚ ਪੁਲਿਸ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਮੁਲਜ਼ਮਾਂ ਕੋਲੋਂ ਕੁਝ ਮੋਬਾਈਲ ਰਿਕਵਰ ਕਰਨੇ ਹਨ, ਜਿਸ ਲਈ ਤਿੰਨ ਦਿਨ ਦੇ ਰਿਮਾਂਡ ਦੀ ਮੰਗ ਕੀਤੀ ਗਈ ਸੀ। ਪਰ ਐਡਵੋਕੇਟ ਗੁਰਜੰਗਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਲਤ ਨੇ ਧਿਰਾਂ ਦੇ ਪੱਖ ਸੁਣਨ ਤੋਂ ਬਾਅਦ ਪੁਲਿਸ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਅਤੇ ਤਿੰਨਾਂ ਮੁਲਜ਼ਮਾਂ ਨੂੰ ਫਰੀਦਕੋਟ ਦੀ ਜੇਲ੍ਹ ਵਿੱਚ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜਿਆ।

