ਪੰਚਾਇਤ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਦੌਰੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਹੜ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਹਿਲੇ ਰਾਊਂਡ ਵਿੱਚ 3835 ਹੜ ਪ੍ਰਭਾਵਿਤ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ, ਜਦਕਿ ਕੈਟਲ ਫੀਡ ਵੀ ਤਕਸੀਮ ਕੀਤੀ ਗਈ।
ਉਨ੍ਹਾਂ ਨੇ ਸੂਚਨਾ ਦਿੱਤੀ ਕਿ ਜ਼ਿਲ੍ਹੇ ਦੇ 20 ਪਿੰਡ ਹੜਾਂ ਨਾਲ ਪ੍ਰਭਾਵਿਤ ਹਨ, ਜਿੱਥੇ 13,289 ਲੋਕ ਅਤੇ 8,383 ਪਸ਼ੂ ਹਨ। ਪ੍ਰਸ਼ਾਸਨ ਵੱਲੋਂ ਐਨਡੀਆਰਐਫ ਅਤੇ ਫੌਜ ਦੀਆਂ ਰਾਹਤ ਟੀਮਾਂ ਕਾਰਜਸ਼ੀਲ ਹਨ ਅਤੇ ਇੱਕ ਹੋਰ ਐਨਡੀਆਰਐਫ ਟੀਮ ਵੀ ਤਾਇਨਾਤ ਕੀਤੀ ਜਾ ਰਹੀ ਹੈ। ਇਸ ਨਾਲ ਰਾਹਤ ਕੰਮ ਵਿੱਚ ਲੱਗੀਆਂ ਕਿਸ਼ਤੀਆਂ ਦੀ ਗਿਣਤੀ 23 ਹੋ ਜਾਵੇਗੀ।
ਜ਼ਿਲ੍ਹੇ ਵਿੱਚ 8 ਰਾਹਤ ਕੈਂਪ ਚੱਲ ਰਹੇ ਹਨ, ਜਿੱਥੇ 662 ਲੋਕ ਅਤੇ 384 ਪਸ਼ੂ ਰੱਖੇ ਗਏ ਹਨ। ਸਿਹਤ ਵਿਭਾਗ ਵੱਲੋਂ ਪੱਤਣ ਪੋਸਟ, ਕਾਵਾਂ ਵਾਲੀ ਪੱਤਣ ਅਤੇ ਅੱਤੁ ਵਾਲਾ ਪੁੱਲ ਉੱਤੇ 24 ਘੰਟੇ ਮੈਡੀਕਲ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਹੜਾਂ ਦੌਰਾਨ ਚਾਰ ਵਿਅਕਤੀ ਜ਼ਖਮੀ ਹੋਏ, ਇੱਕ ਵਿਅਕਤੀ ਨੂੰ ਕਰੰਟ ਲੱਗਿਆ ਅਤੇ ਇੱਕ ਬੱਚਾ ਪਾਣੀ ਵਿੱਚ ਡਿੱਗਿਆ, ਸਾਰੇ ਬਚਾ ਲਏ ਗਏ। ਇਸਦੇ ਨਾਲ-ਨਾਲ ਚਾਰ ਔਰਤਾਂ ਦੀ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਡਿਲੀਵਰੀ ਹੋਈ।
ਜਲ ਸਪਲਾਈ ਸੈਂਪਲਿੰਗ ਚਲ ਰਹੀ ਹੈ ਅਤੇ 1500 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ ਹਨ। ਪਸ਼ੂ ਪਾਲਣ ਵਿਭਾਗ ਦੀਆਂ 14 ਟੀਮਾਂ ਵੀ ਕਾਰਜਸ਼ੀਲ ਹਨ। ਰੈਸਕਿਊ ਟੀਮਾਂ ਵੱਲੋਂ ਹੁਣ ਤੱਕ 2,000 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ ਅਤੇ 2,300 ਬੈਗ ਕੈਟਲ ਫੀਡ ਪ੍ਰਭਾਵਿਤ ਪਿੰਡਾਂ ਵਿੱਚ ਵੰਡੇ ਗਏ।
ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਹਰ ਲੋੜਵੰਦ ਵਿਅਕਤੀ ਤੱਕ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਮੰਤਰੀ ਨੂੰ ਜ਼ਿਲ੍ਹੇ ਵਿੱਚ ਚੱਲ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।