ਪੰਜਾਬ ਵਿੱਚ ਆਏ ਹੜ੍ਹਾਂ ਨੇ ਜਿੱਥੇ ਆਮ ਲੋਕਾਂ ਦੀ ਜ਼ਿੰਦਗੀ ਉਲਟ–ਪੁਲਟ ਕਰ ਦਿੱਤੀ ਹੈ, ਉੱਥੇ ਹੀ ਬਾਲੀਵੁੱਡ ਅਤੇ ਪਾਲੀਵੁੱਡ ਦੇ ਕਈ ਕਲਾਕਾਰ ਮਦਦ ਲਈ ਹੱਥ ਵਧਾ ਰਹੇ ਹਨ। ਸੋਨੂ ਸੂਦ, ਅਕਸ਼ੈ ਕੁਮਾਰ, ਰਣਦੀਪ ਹੁੱਡਾ, ਕਪਿਲ ਸ਼ਰਮਾ, ਦਿਲਜੀਤ ਦੋਸਾਂਝ, ਐਮੀ ਵਿਰਕ, ਅਰਜੁਨ ਢਿਲੋਂ ਅਤੇ ਸੁਨੰਦਾ ਸ਼ਰਮਾ ਸਮੇਤ ਕਈ ਸਿਤਾਰਿਆਂ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਯੋਗਦਾਨ ਪਾਇਆ ਹੈ।
ਇਸੇ ਕੜੀ ਵਿੱਚ ਅਦਾਕਾਰ ਸਲਮਾਨ ਖਾਨ ਨੇ ਵੀ ਆਪਣੀ ਚਿੰਤਾ ਜ਼ਾਹਰ ਕਰਦਿਆਂ ਲੋਕਾਂ ਨੂੰ ਪੰਜਾਬ ਦੇ ਹੱਕ ‘ਚ ਅੱਗੇ ਆਉਣ ਦੀ ਅਪੀਲ ਕੀਤੀ ਹੈ। “ਬਿੱਗ ਬਾਸ–ਵੀਕਐਂਡ ਕਾ ਵਾਰ” ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾਂ ਹਰ ਮੁਸੀਬਤ ਦੇ ਸਮੇਂ ਦੇਸ਼ ਦੀ ਮਦਦ ਕੀਤੀ ਹੈ। ਅੱਜ ਜਿਹੜੇ ਕਿਸਾਨ ਸਾਡੇ ਲਈ ਅਨਾਜ ਉਗਾਉਂਦੇ ਹਨ, ਉਹ ਖੁਦ ਬੇਘਰ ਤੇ ਬੇਸਹਾਰਾ ਹੋਏ ਬੈਠੇ ਹਨ। ਇਸ ਮੁਸ਼ਕਲ ਵੇਲੇ ਵਿੱਚ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਦੇ ਨਾਲ ਖੜ੍ਹਨਾ ਚਾਹੀਦਾ ਹੈ।
ਸਲਮਾਨ ਨੇ ਖ਼ਾਸ ਤੌਰ ‘ਤੇ ਸਿੱਖ ਕੌਮ ਦੇ ਲੰਗਰ ਪਰੰਪਰਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਹ ਭਾਈਚਾਰਾ ਬਿਨਾਂ ਕਿਸੇ ਸਵਾਰਥ ਦੇ ਲੋਕਾਂ ਦੀ ਸੇਵਾ ਕਰਨ ਲਈ ਜਾਣਿਆ ਜਾਂਦਾ ਹੈ। “ਸੈਂਕੜੇ ਸਾਲਾਂ ਤੋਂ ਸਿੱਖ ਲੰਗਰ ਲਗਾ ਕੇ ਲੋਕਾਂ ਨੂੰ ਭੁੱਖੇ ਵਾਪਸ ਨਹੀਂ ਜਾਣ ਦਿੰਦੇ। ਹੁਣ ਸਮਾਂ ਹੈ ਕਿ ਅਸੀਂ ਪੰਜਾਬ ਲਈ ਕੁਝ ਕਰੀਏ,” ਸਲਮਾਨ ਨੇ ਕਿਹਾ।
ਹੜ੍ਹ ਰਾਹਤ ਲਈ ਉਨ੍ਹਾਂ ਦੀ NGO ਬੀਇੰਗ ਹਿਊਮਨ ਵੱਲੋਂ 5 ਕਿਸ਼ਤੀਆਂ ਭੇਜੀਆਂ ਗਈਆਂ ਹਨ। ਇਹ ਕਿਸ਼ਤੀਆਂ ਵੱਖ–ਵੱਖ ਇਲਾਕਿਆਂ ਵਿੱਚ ਬਚਾਅ ਕਾਰਜਾਂ ਲਈ ਵਰਤੀਆਂ ਜਾਣਗੀਆਂ। ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਤੇ ਪੰਜਾਬ ਟੂਰਿਜ਼ਮ ਚੇਅਰਮੈਨ ਦੀਪਕ ਬਾਲੀ ਨੇ ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਦਿਆਂ ਇਨ੍ਹਾਂ ਕਿਸ਼ਤੀਆਂ ਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ। ਦੋ ਕਿਸ਼ਤੀਆਂ ਫਿਰੋਜ਼ਪੁਰ ਸਰਹੱਦ ‘ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਹਨ, ਜਦਕਿ ਬਾਕੀਆਂ ਨੂੰ ਸੂਬੇ ਦੇ ਹੋਰ ਹਿੱਸਿਆਂ ‘ਚ ਵਰਤਿਆ ਜਾਵੇਗਾ।
ਦੀਪਕ ਬਾਲੀ ਨੇ ਇਹ ਵੀ ਦੱਸਿਆ ਕਿ ਸਥਿਤੀ ਸਧਾਰਨ ਹੋਣ ਤੋਂ ਬਾਅਦ ਸਲਮਾਨ ਖਾਨ ਦੀ ਫਾਊਂਡੇਸ਼ਨ ਪੰਜਾਬ ਦੇ ਸਰਹੱਦੀ ਪਿੰਡਾਂ ਨੂੰ ਗੋਦ ਲੈ ਕੇ ਉਨ੍ਹਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਸੰਭਾਲੇਗੀ।