ਰੂਪਨਗਰ, 28 ਸਤੰਬਰ: ਸਰਕਾਰੀ ਕਾਲਜ ਰੋਪੜ ਵਿਖੇ ਚੱਲ ਰਹੇ ਐਨ.ਐੱਸ.ਐੱਸ. ਦੇ 7 ਰੋਜ਼ਾ ਸਪੈਸ਼ਲ ਕੈਂਪ ਦਾ ਚੌਥਾ ਦਿਨ ਸ਼ਹੀਦ-ਏ-ਆਜ਼ਮ ਸ੍ਰੀ ਭਗਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੀਤਾ ਗਿਆ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ. ਜਤਿੰਦਰ ਸਿੰਘ ਗਿੱਲ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਆਪਣੇ ਛੋਟੇ ਜਿਹੇ ਜੀਵਨ ਵਿਚ ਜੋ ਬਲੀਦਾਨ ਤੇ ਸਿੱਖਿਆਵਾਂ ਦਿੱਤੀਆਂ ਹਨ, ਉਹ ਹਮੇਸ਼ਾਂ ਯਾਦ ਰਹਿਣਗੀਆਂ। ਉਨ੍ਹਾਂ ਨੇ ਵਲੰਟੀਅਰਾਂ ਨੂੰ ਭਗਤ ਸਿੰਘ ਜੀ ਦੀ ਜੀਵਨ ਕਥਾ ਨਾਲ ਜਾਣੂ ਕਰਵਾਇਆ ਅਤੇ ਕਾਲਜ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਇੱਕ ਸ਼ਾਂਤੀਪੂਰਨ ਰੈਲੀ ਨੂੰ ਹਰੀ ਝੰਡੀ ਦਿੱਤੀ। ਵਲੰਟੀਅਰਾਂ ਨੇ ਰੈਲੀ ਦੌਰਾਨ ਸੁਨੇਹਾ ਦਿੱਤਾ ਕਿ ਉਹ ਸ਼ਹੀਦ ਭਗਤ ਸਿੰਘ ਜੀ ਦੀ ਸੋਚ 'ਤੇ ਕਾਇਮ ਰਹਿਣਗੇ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯਤਨਸ਼ੀਲ ਰਹਿਣਗੇ।
ਕੈਂਪ ਦੇ ਦੂਜੇ ਸੈਸ਼ਨ ਵਿੱਚ ਨੈਸ਼ਨਲ ਯੂਥ ਐਵਾਰਡੀ ਸ੍ਰੀ ਸਤਨਾਮ ਸਿੰਘ ਸੱਤੀ ਨੇ ਵਲੰਟੀਅਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਜੀ ਨੇ ਜੇਲ੍ਹ ਦੌਰਾਨ ਕਿਤਾਬਾਂ ਰਾਹੀਂ ਆਪਣੀ ਸੋਚ ਨੂੰ ਇਨਕਲਾਬੀ ਰੂਪ ਦਿੱਤਾ ਅਤੇ ਸਾਬਤ ਕੀਤਾ ਕਿ ਅਸਲ ਇਨਕਲਾਬ ਹਥਿਆਰਾਂ ਨਾਲ ਨਹੀਂ ਸਗੋਂ ਵਿਚਾਰਾਂ ਨਾਲ ਆਉਂਦਾ ਹੈ। ਦੂਜੇ ਮੁੱਖ ਵਕਤਾ ਸ੍ਰੀ ਯੋਗੇਸ਼ ਮੋਹਨ ਪੰਕਜ, ਜੋ ਕਿ ਨੈਸ਼ਨਲ ਤੇ ਸਟੇਟ ਯੂਥ ਐਵਾਰਡੀ ਹਨ, ਨੇ ਵਲੰਟੀਅਰਾਂ ਨੂੰ ਐਨ.ਐੱਸ.ਐੱਸ. ਅਤੇ ਸਮਾਜਿਕ ਸੇਵਾ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ।
ਇਸ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਮਨਦੀਪ ਕੌਰ ਨੇ ਕੀਤਾ। ਪ੍ਰੋਗਰਾਮ ਦੀ ਸਫਲਤਾ ਲਈ ਪ੍ਰੋ. ਜਗਜੀਤ ਸਿੰਘ, ਪ੍ਰੋ. ਕੁਲਦੀਪ ਕੌਰ, ਪ੍ਰੋ. ਚੰਦਰਗੁਪਤ, ਪ੍ਰੋ. ਮਨਪ੍ਰੀਤ ਕੌਰ, ਪ੍ਰੋ. ਗੁਰਪ੍ਰੀਤ ਕੌਰ, ਪ੍ਰੋ. ਤਰਨਜੋਤ ਕੌਰ ਅਤੇ ਸਮੂਹ ਵਲੰਟੀਅਰਾਂ ਵਲੋਂ ਸਰਾਹਣਯੋਗ ਯੋਗਦਾਨ ਪਾਇਆ ਗਿਆ।