ਬਰਨਾਲਾ ਦੇ ਢਿਲਵਾਂ ਪਿੰਡ ਦੀ 14 ਸਾਲਾਂ ਧੀ ਗੁਨਤਾਸ ਕੌਰ ਨੇ ਮੱਧ ਪ੍ਰਦੇਸ਼ ਵਿੱਚ ਹੋਈ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤ ਕੇ ਆਪਣੇ ਮਾਪਿਆਂ, ਪਿੰਡ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ। ਗੁਨਤਾਸ ਕੌਰ, ਜੋ ਕਿ 9ਵੀਂ ਜਮਾਤ ਦੀ ਵਿਦਿਆਰਥਣ ਹੈ, ਪਿਛਲੇ ਤਿੰਨ ਸਾਲਾਂ ਤੋਂ ਬਾਕਸਿੰਗ ਵਿੱਚ ਸਖ਼ਤ ਮਿਹਨਤ ਕਰ ਰਹੀ ਹੈ ਅਤੇ ਆਪਣੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ।
ਦੇਸ਼ ਭਰ ਦੇ ਕਈ ਰਾਜਾਂ ਦੇ ਖਿਡਾਰੀਆਂ ਨੇ ਮੱਧ ਪ੍ਰਦੇਸ਼ ਦੇ ਜਬਲਪੁਰ ਵਿੱਚ CISCE ਬਾਕਸਿੰਗ ਮੁਕਾਬਲਿਆਂ ਵਿੱਚ ਹਿੱਸਾ ਲਿਆ। ਗੁਨਤਾਸ ਕੌਰ ਨੇ ਪਹਿਲਾਂ ਕੁਆਰਟਰ ਫਾਈਨਲ ਵਿੱਚ ਮਹਾਰਾਸ਼ਟਰ ਦੇ ਖਿਡਾਰੀ ਨੂੰ ਹਰਾਇਆ, ਸੈਮੀਫਾਈਨਲ ਵਿੱਚ ਮੱਧ ਪ੍ਰਦੇਸ਼ ਦੇ ਖਿਡਾਰੀ ਨੂੰ ਪਿੱਛੇ ਛੱਡਿਆ ਅਤੇ ਫਾਈਨਲ ਵਿੱਚ ਕਰਨਾਟਕ ਦੀ ਪੂਰਨ ਸ਼੍ਰੀ ਨੂੰ 5-0 ਨਾਲ ਹਰਾਕੇ ਸੋਨ ਤਗਮਾ ਜਿੱਤਿਆ।
ਇਸ ਮੌਕੇ 'ਤੇ ਗੁਨਤਾਸ ਕੌਰ ਨੇ ਕਿਹਾ ਕਿ ਉਹ ਆਪਣੀ ਪੜ੍ਹਾਈ ਦੇ ਨਾਲ-ਨਾਲ ਬਾਕਸਿੰਗ ਵਿੱਚ ਸਖ਼ਤ ਮਿਹਨਤ ਕਰਦੀ ਹੈ। ਉਹ ਆਪਣੇ ਸਕੂਲ ਦੇ ਖੇਡ ਕੋਚ ਅਤੇ ਮਾਪਿਆਂ ਨੂੰ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਸ ਦੀ ਮਦਦ ਕੀਤੀ। ਉਹ ਦੋ ਛੋਟੀਆਂ ਭੈਣਾਂ ਵਿੱਚੋਂ ਵੱਡੀ ਹੈ ਅਤੇ ਭਵਿੱਖ ਵਿੱਚ ਵੀ ਖੇਡਾਂ ਵਿੱਚ ਪ੍ਰਤਿਭਾ ਦਰਸਾਉਂਦੀ ਰਹੇਗੀ।
ਉਸਦੇ ਪਿਤਾ ਅਵਤਾਰ ਸਿੰਘ ਨੇ ਖੁਸ਼ੀ ਅਤੇ ਭਾਵੁਕਤਾ ਦੇ ਨਾਲ ਕਿਹਾ ਕਿ “ਅਸੀਂ ਤਿੰਨ ਧੀਆਂ ਦੇ ਮਾਪੇ ਹਾਂ ਪਰ ਅੱਜ ਗੁਨਤਾਸ ਨੇ ਪੁੱਤਰ ਵਾਂਗ ਸਾਡਾ ਨਾਮ ਰੌਸ਼ਨ ਕੀਤਾ। ਸਾਨੂੰ ਉਸ 'ਤੇ ਮਾਣ ਹੈ।” ਪਿੰਡ ਵਾਸੀਆਂ ਨੇ ਵੀ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਗੁਨਤਾਸ ਕੌਰ ਨੂੰ ਪਿੰਡ ਪਹੁੰਚਣ 'ਤੇ ਢੋਲ ਨਗਾੜਿਆਂ ਨਾਲ ਸਵਾਗਤ ਕੀਤਾ।