ਭਾਰਤੀ ਡਾਕ ਵਿਭਾਗ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਹ 15 ਅਕਤੂਬਰ, 2025 ਤੋਂ ਅਮਰੀਕਾ ਲਈ ਸਾਰੀਆਂ ਅੰਤਰਰਾਸ਼ਟਰੀ ਡਾਕ ਸੇਵਾਵਾਂ ਨੂੰ ਮੁੜ ਸ਼ੁਰੂ ਕਰੇਗਾ। ਇਸ ਵਿੱਚ ਚਿੱਠੀਆਂ, ਦਸਤਾਵੇਜ਼, ਪਾਰਸਲ ਅਤੇ ਹੋਰ ਸਾਰੇ ਸਮਾਨ ਸ਼ਾਮਲ ਹਨ। ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ 22 ਅਗਸਤ ਤੋਂ ਅਮਰੀਕਾ ਲਈ ਡਾਕ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਰੋਕਿਆ ਗਿਆ ਸੀ, ਜੋ ਕਿ ਅਮਰੀਕੀ ਪ੍ਰਸ਼ਾਸਨ ਦੇ ਆਦੇਸ਼ 14324 ਦੇ ਤਹਿਤ ਲਾਗੂ ਕੀਤਾ ਗਿਆ ਸੀ। ਹੁਣ ਸਾਰੀਆਂ ਰੁਕਾਵਟਾਂ ਹਟਾ ਦਿੱਤੀਆਂ ਗਈਆਂ ਹਨ ਅਤੇ ਸੇਵਾਵਾਂ ਪੂਰੀ ਤਰ੍ਹਾਂ ਚਾਲੂ ਹੋ ਜਾਣਗੀਆਂ।
ਇਸ ਦੇ ਨਾਲ ਹੀ ਭਾਰਤੀ ਡਾਕ ਵਿਭਾਗ ਨੇ ਸੂਚਿਤ ਕੀਤਾ ਕਿ ਯੂਐਸ ਕਸਟਮਜ਼ ਅਤੇ ਸੁਰੱਖਿਆ ਵਿਭਾਗ ਦੇ ਨਵੇਂ ਨਿਯਮਾਂ ਦੇ ਤਹਿਤ ਭਾਰਤ ਤੋਂ ਭੇਜੇ ਜਾਣ ਵਾਲੇ ਡਾਕ ਪਾਰਸਲਾਂ ’ਤੇ ਹੁਣ ਘੋਸ਼ਿਤ ਮੁੱਲ ਦੇ 50% ਦੀ ਕਸਟਮ ਡਿਊਟੀ ਲਾਗੂ ਕੀਤੀ ਜਾਏਗੀ। ਇਹ ਡਿਊਟੀ ਹਰ ਕਿਸਮ ਦੀਆਂ ਡਾਕ ਸੇਵਾਵਾਂ ’ਤੇ ਲਾਗੂ ਹੋਵੇਗੀ। ਇਸ ਲਈ, ਅਮਰੀਕਾ ਨੂੰ ਡਾਕ ਭੇਜਣ ਤੋਂ ਪਹਿਲਾਂ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਸਾਮਾਨ ਉੱਤੇ ਵੱਡੀ ਕਸਟਮ ਡਿਊਟੀ ਲੱਗ ਸਕਦੀ ਹੈ ਅਤੇ ਇਸਨੂੰ ਧਿਆਨ ਵਿੱਚ ਰੱਖ ਕੇ ਹੀ ਭੇਜਿਆ ਜਾਣਾ ਚਾਹੀਦਾ ਹੈ।