ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਕਾਫ਼ਲੇ ਨਾਲ ਬੁੱਧਵਾਰ ਨੂੰ ਇਕ ਗੰਭੀਰ ਸੜਕ ਹਾਦਸਾ ਵਾਪਰਿਆ। ਇਹ ਹਾਦਸਾ ਗੁਰਦਾਸਪੁਰ ਜ਼ਿਲ੍ਹੇ ਦੇ ਕਲਾਨੌਰ–ਗੁਰਦਾਸਪੁਰ ਰੋਡ 'ਤੇ ਅੱਡਾ ਨਡਾਂਵਾਲੀ ਨੇੜੇ ਵਾਪਰਿਆ, ਜਦੋਂ ਮੰਤਰੀ ਦਾ ਕਾਫ਼ਲਾ ਹੜ੍ਹ ਪੀੜਤਾਂ ਨੂੰ ਚੈੱਕ ਵੰਡਣ ਲਈ ਦੀਨਾਨਗਰ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ, ਕਾਫ਼ਲੇ ਦੀ ਪਾਇਲਟ ਗੱਡੀ ਸਵਿਫਟ ਕਾਰ ਨਾਲ ਟਕਰਾਈ, ਜਿਸ ਨਾਲ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਇਸ ਹਾਦਸੇ 'ਚ ਮੰਤਰੀ ਦੇ ਤਿੰਨ ਗੰਨਮੈਨ ਤੇ ਸਵਿਫਟ ਕਾਰ ਦਾ ਡਰਾਈਵਰ ਗੰਭੀਰ ਜ਼ਖਮੀ ਹੋ ਗਏ।
ਘਟਨਾ ਦੇ ਤੁਰੰਤ ਬਾਅਦ ਮੰਤਰੀ ਹਰਭਜਨ ਸਿੰਘ ਈਟੀਓ ਨੇ ਆਪਣਾ ਕਾਫ਼ਲਾ ਰੁਕਵਾਇਆ ਅਤੇ ਜ਼ਖਮੀਆਂ ਦੀ ਸਹਾਇਤਾ ਲਈ ਆਪਣੀ ਟੀਮ ਨਾਲ ਮਿਲ ਕੇ ਤੁਰੰਤ ਕਾਰਵਾਈ ਕੀਤੀ। ਉਨ੍ਹਾਂ ਨੇ 108 ਐਂਬੂਲੈਂਸ ਸੇਵਾ ਨਾਲ ਸੰਪਰਕ ਕਰਕੇ ਜ਼ਖਮੀਆਂ ਨੂੰ ਕਲਾਨੌਰ ਦੇ ਹਸਪਤਾਲ ਭੇਜਿਆ। ਹਾਲਾਂਕਿ ਮੰਤਰੀ ਜੀ ਸੁਰੱਖਿਅਤ ਹਨ, ਪਰ ਚਾਰ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਹੋਈ ਹੈ।
ਇਸ ਘਟਨਾ ਤੋਂ ਬਾਅਦ ਵੀ ਮੰਤਰੀ ਨੇ ਆਪਣਾ ਦੌਰਾ ਜਾਰੀ ਰੱਖਿਆ ਅਤੇ ਹੜ੍ਹ ਪੀੜਤਾਂ ਨੂੰ ਰਾਹਤ ਚੈੱਕ ਵੰਡਣ ਵਾਲੇ ਸਮਾਰੋਹ ਵਿੱਚ ਸ਼ਾਮਲ ਹੋਏ।