ਪੰਜਾਬ ਦੇ ਸਾਬਕਾ ਮੰਤਰੀ ਅਤੇ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਸੂਬੇ ਦੀ ਸਿਆਸਤ ਨੂੰ ਗਰਮਾ ਦਿੱਤਾ ਹੈ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸਿੱਧੂ ਨੇ ਅੱਜ ਦਿੱਲੀ ਵਿੱਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨਾਲ ਮੁਲਾਕਾਤ ਕੀਤੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਹਲਚਲ ਮਚ ਗਈ ਹੈ।
'ਲਾਈਟ ਹਾਊਸ' ਨਾਲ ਮੁਲਾਕਾਤ, ਜ਼ਿੰਮੇਵਾਰੀ ਮਿਲਣ ਦੇ ਸੰਕੇਤ
ਮੁਲਾਕਾਤ ਤੋਂ ਬਾਅਦ ਸਿੱਧੂ ਨੇ ਤੁਰੰਤ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਅਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਤਸਵੀਰ ਸਾਂਝੀ ਕੀਤੀ। ਉਨ੍ਹਾਂ ਨੇ ਲਿਖਿਆ, "ਮੈਂ ਆਪਣੇ ਮਾਰਗ ਦਰਸ਼ਕ, ਲਾਈਟ ਹਾਊਸ ਅਤੇ ਗਾਈਡਿੰਗ ਏਂਜਲ ਨਾਲ ਮੁਲਾਕਾਤ ਕੀਤੀ।" ਸਿੱਧੂ ਨੇ ਮੁਸ਼ਕਿਲ ਸਮੇਂ ਵਿੱਚ ਸਾਥ ਦੇਣ ਲਈ ਉਨ੍ਹਾਂ ਦਾ ਅਤੇ 'ਭਾਈ' ਦਾ ਧੰਨਵਾਦ ਵੀ ਕੀਤਾ।
ਸਿਆਸੀ ਵਿਸ਼ਲੇਸ਼ਕ ਇਸ ਮੁਲਾਕਾਤ ਨੂੰ ਇਸ ਲਈ ਖਾਸ ਮੰਨ ਰਹੇ ਹਨ ਕਿਉਂਕਿ ਸਿੱਧੂ ਦੀ ਪਤਨੀ, ਨਵਜੋਤ ਕੌਰ ਸਿੱਧੂ, ਪਹਿਲਾਂ ਹੀ ਅੰਮ੍ਰਿਤਸਰ ਤੋਂ ਚੋਣ ਲੜਨ ਦਾ ਐਲਾਨ ਕਰਕੇ ਜ਼ਮੀਨੀ ਪੱਧਰ 'ਤੇ ਸਰਗਰਮ ਹੋ ਚੁੱਕੀ ਹੈ। ਇਸ ਮੁਲਾਕਾਤ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਪਰਿਵਾਰ ਨੂੰ ਪਾਰਟੀ ਵਿੱਚ ਕੋਈ ਵੱਡੀ ਜ਼ਿੰਮੇਵਾਰੀ ਸੌਂਪੇ ਜਾਣ ਦੀਆਂ ਅਟਕਲਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਹੈ।
ਸੀਐਮ ਮਾਨ ਦਾ ਤਿੱਖਾ ਤਨਜ਼: 'ਫਾਈਲ ਤੋਂ ਧੂੜ ਹਟਾਉਣ' ਦੀ ਆਦਤ
ਨਵਜੋਤ ਸਿੱਧੂ ਦੀ ਇਸ ਨਵੀਂ ਸਰਗਰਮੀ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਤਨਜ਼ ਕੱਸਿਆ। ਮਾਨ ਨੇ ਸਿੱਧੂ ਦੇ ਸਿਆਸੀ ਕਰੀਅਰ ਦੀ ਅਸਥਿਰਤਾ 'ਤੇ ਸਵਾਲ ਉਠਾਉਂਦਿਆਂ ਕਿਹਾ, "ਸਿੱਧੂ ਕਿੰਨੀ ਵਾਰ ਰਾਜਨੀਤੀ 'ਚ ਆ ਗਏ ਤੇ ਕਿੰਨੀ ਵਾਰ ਛੱਡ ਗਏ।"
ਮੁੱਖ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਉਹ ਨਾ ਤਾਂ ਪ੍ਰਿਅੰਕਾ ਗਾਂਧੀ ਦੀ ਅਪਾਇੰਟਮੈਂਟ ਦਿਵਾਉਂਦੇ ਹਨ ਅਤੇ ਨਾ ਹੀ ਸਿੱਧੂ ਉਨ੍ਹਾਂ ਨੂੰ ਪੁੱਛ ਕੇ ਮਿਲਦੇ ਹਨ। ਉਨ੍ਹਾਂ ਨੇ ਸਿੱਧੂ 'ਤੇ ਕਦੇ 'ਸ਼ੋਅ' ਵੱਲ ਜਾਣ ਅਤੇ ਕਦੇ "ਪੰਜਾਬ ਦੇ ਏਜੰਡੇ ਦੀ ਫਾਈਲ ਤੋਂ ਧੂੜ ਹਟਾਉਣ" ਦਾ ਦੋਸ਼ ਲਾਇਆ ਅਤੇ ਅੰਤ ਵਿੱਚ 'ਆਲ ਦ ਬੈਸਟ' ਕਹਿ ਕੇ ਗੱਲ ਖਤਮ ਕੀਤੀ।
ਧੜੇਬੰਦੀ ਵਿੱਚ ਘਿਰੀ ਕਾਂਗਰਸ 'ਤੇ ਅਸਰ
ਇਹ ਮੁਲਾਕਾਤ ਅਜਿਹੇ ਸਮੇਂ ਹੋਈ ਹੈ ਜਦੋਂ ਪੰਜਾਬ ਕਾਂਗਰਸ ਪਹਿਲਾਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਧੜਿਆਂ ਵਿੱਚ ਵੰਡੀ ਹੋਈ ਹੈ। ਪਾਰਟੀ ਦੀ ਇਹ ਅੰਦਰੂਨੀ ਫੁੱਟ ਲੁਧਿਆਣਾ ਜ਼ਿਮਨੀ ਚੋਣ ਦੌਰਾਨ ਸਾਹਮਣੇ ਆਈ ਸੀ, ਜਦੋਂ ਰਾਜਾ ਵੜਿੰਗ ਸਮੇਤ ਕਈ ਆਗੂ ਪ੍ਰਚਾਰ ਲਈ ਨਹੀਂ ਪਹੁੰਚੇ ਸਨ।
ਸਿਆਸੀ ਪੰਡਤਾਂ ਦਾ ਮੰਨਣਾ ਹੈ ਕਿ ਸਿੱਧੂ ਦੇ ਸੂਬਾਈ ਲੀਡਰਸ਼ਿਪ ਨਾਲੋਂ ਕੇਂਦਰੀ ਹਾਈਕਮਾਂਡ, ਖਾਸ ਕਰਕੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਸਿੱਧੇ ਰਿਸ਼ਤੇ ਹਨ। ਉਨ੍ਹਾਂ ਦਾ ਪੰਜਾਬ ਦੇ ਆਗੂਆਂ ਨੂੰ ਨਜ਼ਰਅੰਦਾਜ਼ ਕਰਕੇ ਸਿੱਧਾ ਕੇਂਦਰੀ ਲੀਡਰਸ਼ਿਪ ਨੂੰ ਮਿਲਣਾ, ਪੰਜਾਬ ਕਾਂਗਰਸ ਦੇ ਮੌਜੂਦਾ ਢਾਂਚੇ ਵਿੱਚ ਵੱਡੇ ਬਦਲਾਅ ਦਾ ਸੰਕੇਤ ਦੇ ਰਿਹਾ ਹੈ।