ਡੱਬਵਾਲੀ ਨੈਸ਼ਨਲ ਹਾਈਵੇ ’ਤੇ ਗੁਰੂ ਸਰ ਸਹਿਣੇ ਵਾਲਾ ਪਿੰਡ ਦੇ ਨੇੜੇ ਇੱਕ ਭਿਆਨਕ ਹਾਦਸਾ ਵਾਪਰਿਆ, ਜਿਸ ਨੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ। ਜਾਣਕਾਰੀ ਅਨੁਸਾਰ, 32 ਸਾਲਾ ਮਹਤੇਸ਼ ਕੁਮਾਰ ਨਾਰੰਗ ਉਰਫ ਮੋਨੂ, ਜੋ ਪ੍ਰਾਈਵੇਟ ਪ੍ਰੋਪਰਟੀ ਡੀਲਿੰਗ ਦਾ ਕੰਮ ਕਰਦਾ ਸੀ, ਆਪਣੀ ਕਾਰ ਰਾਹੀਂ ਘਰ ਵੱਲ ਵਾਪਸ ਆ ਰਿਹਾ ਸੀ। ਇਸ ਦੌਰਾਨ ਉਸਦੀ ਕਾਰ ਅਚਾਨਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਈ। ਅੱਗ ਇੰਨੀ ਤੇਜ਼ ਸੀ ਕਿ ਮੋਨੂ ਕਾਰ ਅੰਦਰ ਹੀ ਫਸ ਗਿਆ ਅਤੇ ਜ਼ਿੰਦਾ ਸੜਨ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਪਰਿਵਾਰਕ ਸਰੋਤਾਂ ਮੁਤਾਬਿਕ, ਮ੍ਰਿਤਕ ਮੋਨੂ ਆਪਣੇ ਦੋਸਤਾਂ ਨਾਲ ਪਾਰਟੀ ਕਰਕੇ ਵਾਪਸ ਆ ਰਿਹਾ ਸੀ। ਉਸਦੀ ਮੌਤ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਮੋਨੂ ਦੀ ਮਾਤਾ ਆਪਾਹਿਜ ਹੈ, ਜਦਕਿ ਉਸਦੀ ਪਤਨੀ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦੀ ਹੈ।
ਹਾਦਸੇ ਬਾਅਦ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ’ਤੇ ਕਾਰਵਾਈ 174 ਤਹਿਤ ਦਰਜ ਕਰ ਲਈ ਹੈ। ਪ੍ਰਾਰੰਭਿਕ ਜਾਂਚ ਵਿੱਚ ਪਤਾ ਲੱਗਾ ਕਿ ਕਾਰ ਸੀਐਨਜੀ ਗੈਸ ’ਤੇ ਚੱਲਦੀ ਸੀ, ਜਿਸ ਕਰਕੇ ਅੱਗ ਲੱਗਣ ਦਾ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ। ਫਿਰ ਵੀ ਅਸਲੀ ਕਾਰਣਾਂ ਦੀ ਜਾਂਚ ਜਾਰੀ ਹੈ। ਅੱਗ ਲੱਗਣ ਕਾਰਨ ਲਾਸ਼ ਬੁਰੀ ਤਰ੍ਹਾਂ ਸੜ ਗਈ ਸੀ, ਜਿਸਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਇਆ ਗਿਆ।