ਚੰਡੀਗੜ੍ਹ ਵਿੱਚ ਸ਼ੁੱਕਰਵਾਰ ਸਵੇਰੇ ਸੈਕਟਰ 17 ਨੇੜੇ ਸੀਟੀਯੂ ਦੀ ਇਲੈਕਟ੍ਰਿਕ ਬੱਸ ਇੱਕ ਮੋੜ ’ਤੇ ਪਲਟ ਗਈ। ਹਾਦਸਾ ਸਵੇਰੇ 10:15 ਵਜੇ ਦੇ ਕਰੀਬ ਵਾਪਰਿਆ ਤੇ ਉਦੋਂ ਬੱਸ ਵਿਚ 15 ਤੋਂ 20 ਯਾਤਰੀ ਸਵਾਰ ਸਨ। ਬੱਸ ਵਿਚੋਂ ਯਾਤਰੀਆਂ ਨੂੰ ਬਾਹਰ ਕੱਢਣ ਲਈ ਪੁਲੀਸ ਕੁਝ ਹੀ ਮਿੰਟਾਂ ਵਿੱਚ ਮੌਕੇ ’ਤੇ ਪਹੁੰਚ ਗਈ। ਸੈਕਟਰ 17 ਪੁਲੀਸ ਥਾਣੇ ਦੇ ਐਸਐਚਓ ਮੁਤਾਬਕ ਬੱਸ ਅਚਾਨਕ ਸੰਤੁਲਨ ਗੁਆ ਬੈਠੀ ਅਤੇ ਮੋੜ ਕੱਟਣ ਵੇਲੇ ਪਲਟ ਗਈ। ਖੁਸ਼ਕਿਸਮਤੀ ਨਾਲ ਹਾਦਸੇ ਵਿਚ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਕਈ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਸੈਕਟਰ 16 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ। ਪੁਲੀਸ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਸਾਰੇ ਜ਼ਖਮੀਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹਨ।