ਪਟਿਆਲਾ ਦੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਸ਼ੁਤਰਾਣਾ ਹਲਕੇ ਦੇ ਪਿੰਡਾਂ ਵਿੱਚ ਜਾ ਕੇ ਘੱਗਰ ਨਦੀ ਅਤੇ ਹੋਰ ਬੰਨ੍ਹਾਂ ਦੀ ਸਥਿਤੀ ਦੀ ਸਮੀਖਿਆ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਫੌਜ ਦੇ ਕਰਨਲ ਵਿਨੋਦ ਸਿੰਘ ਰਾਵਤ, ਏਡੀਸੀ ਅਮਰਿੰਦਰ ਸਿੰਘ ਟਿਵਾਣਾ ਅਤੇ ਕਈ ਅਧਿਕਾਰੀ ਮੌਜੂਦ ਸਨ। ਟੀਮ ਨੇ ਕਮਜ਼ੋਰ ਥਾਵਾਂ ਦਾ ਨਿਰੀਖਣ ਕਰਕੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਕੀਤੇ ਪ੍ਰਬੰਧ ਵੇਖੇ।
ਡਾ. ਯਾਦਵ ਨੇ ਕਿਹਾ ਕਿ ਘੱਗਰ ਅਤੇ ਹੋਰ ਨਦੀਆਂ ਵਿੱਚ ਹਾਲੇ ਤੱਕ ਕੋਈ ਪਾੜ ਨਹੀਂ ਪਿਆ ਅਤੇ ਪਾਣੀ ਦਾ ਪੱਧਰ ਹੌਲੀ-ਹੌਲੀ ਘਟ ਰਿਹਾ ਹੈ। ਹੜ੍ਹ ਸੰਭਾਵੀ ਖੇਤਰਾਂ ਵਿੱਚ ਐਨ.ਡੀ.ਆਰ.ਐਫ. ਦੀਆਂ ਟੀਮਾਂ ਅਤੇ ਫੌਜ ਦੇ ਰਾਹਤ ਕਾਲਮ ਤਾਇਨਾਤ ਹਨ। ਸਾਰੇ ਬੰਨ੍ਹਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਨੀਵੇਂ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਦੀ ਬਜਾਏ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਕਿਉਂਕਿ ਸਥਿਤੀ ਪ੍ਰਸ਼ਾਸਨ ਦੇ ਕਾਬੂ ਵਿੱਚ ਹੈ। ਡਾ. ਯਾਦਵ ਨੇ ਬਾਦਸ਼ਾਹਪੁਰ, ਹਰਚੰਦਪੁਰਾ ਅਤੇ ਹੋਰ ਪਿੰਡਾਂ ਦੇ ਨਿਵਾਸੀਆਂ ਨਾਲ ਮਿਲਕੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪ੍ਰਸ਼ਾਸਨ ਪੂਰੀ ਤਰ੍ਹਾਂ ਤਿਆਰ ਹੈ।