ਚੰਡੀਗੜ੍ਹ, 27 ਸਤੰਬਰ- ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ਬੇਸ਼ਰਮੀ ਨਾਲ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ 'ਤੇ ਰਾਜਨੀਤੀ ਕਰ ਰਹੀ ਹੈ ਅਤੇ ਸੂਬੇ ਦੇ ਲੋਕਾਂ ਲਈ ਬਹੁਤ ਜ਼ਰੂਰੀ ਰਾਹਤ ਨੂੰ ਰੋਕਣ ਲਈ ਭਾਜਪਾ ਦਾ ਸਾਥ ਦੇ ਰਹੀ ਹੈ।
ਸ਼ਨੀਵਾਰ ਨੂੰ ਪਾਰਟੀ ਦਫਤਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਚੀਮਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਜੰਮੂ ਤੋਂ ਜ਼ਿਆਦਾ ਬਾਰਿਸ਼ ਅਤੇ ਓਵਰਫਲੋ ਹੋਏ ਪਾਣੀ ਕਾਰਨ ਆਏ ਵਿਨਾਸ਼ਕਾਰੀ ਹੜ੍ਹਾਂ ਨੇ ਲਗਭਗ 60 ਜਾਨਾਂ ਲਈਆਂ ਅਤੇ ਪੂਰੇ ਪੰਜਾਬ ਵਿੱਚ ਤਬਾਹੀ ਮਚਾਈ। ਅਜਿਹੇ ਸਮੇਂ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪ੍ਰਭਾਵਿਤ ਪਰਿਵਾਰਾਂ ਦੇ ਮੁੜ ਵਸੇਬੇ ਲਈ ਦਿਨ-ਰਾਤ ਕੰਮ ਕਰ ਰਹੀ ਹੈ, ਕਾਂਗਰਸ ਪਾਰਟੀ ਰਾਹਤ ਫੰਡਾਂ ਨੂੰ ਰੋਕ ਕੇ ਅਤੇ ਬੇਕਸੂਰ ਲੋਕਾਂ ਦੀਆਂ ਮੌਤਾਂ ਦਾ ਰਾਜਨੀਤੀਕਰਨ ਕਰਕੇ ਨੀਵੇਂ ਪੱਧਰ 'ਤੇ ਡਿੱਗ ਰਹੀ ਹੈ।
'ਆਪ' ਸਰਕਾਰ ਵੱਲੋਂ ਲੋਕਾਂ ਦੇ ਮੁੜ ਵਸੇਬੇ ਬਾਰੇ ਚਰਚਾ ਕਰਨ ਲਈ ਬੁਲਾਏ ਗਏ ਵਿਸ਼ੇਸ਼ ਪੰਜਾਬ ਵਿਧਾਨ ਸਭਾ ਸੈਸ਼ਨ ਵਿੱਚ ਕਾਂਗਰਸ ਦੇ ਵਤੀਰੇ ਦੀ ਨਿੰਦਾ ਕਰਦਿਆਂ ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਖੜ੍ਹੇ ਹੋਣ ਦੀ ਬਜਾਏ, ਕਾਂਗਰਸੀ ਆਗੂਆਂ ਨੇ ਆਪਣੇ ਪੈਰ ਗੰਦੇ ਹੋਣ ਤੋਂ ਬਚਣ ਲਈ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਵਾਹਨਾਂ ਨਾਲ ਸਸਤੇ ਫੋਟੋ-ਅਪ ਕਰਵਾਉਣ, ਡਰਾਮਾ ਕਰਨ ਨੂੰ ਤਰਜੀਹ ਦਿੱਤੀ। ਵਿਧਾਨ ਸਭਾ ਵਿੱਚ ਉਨ੍ਹਾਂ ਨੇ ਆਪਣੇ ਸਵਾਰਥੀ ਹਿੱਤਾਂ ਲਈ ਹੜ੍ਹ ਪੀੜਤਾਂ ਦੀਆਂ ਮੌਤਾਂ ਦਾ ਰਾਜਨੀਤੀਕਰਨ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਦੀ ਪੰਜਾਬ ਵਿਰੋਧੀ ਮਾਨਸਿਕਤਾ ਕੱਲ੍ਹ ਪੂਰੀ ਤਰ੍ਹਾਂ ਬੇਨਕਾਬ ਹੋ ਗਈ
ਮੰਤਰੀ ਨੇ ਖੁਲਾਸਾ ਕੀਤਾ ਕਿ 'ਆਪ' ਸਰਕਾਰ ਨੇ ਸੂਬੇ ਦੇ ਮੁੜ ਨਿਰਮਾਣ ਲਈ ਇੱਕ ਸਮਰਪਿਤ "ਰੰਗਲਾ ਪੰਜਾਬ" ਫੰਡ ਬਣਾਇਆ ਹੈ, ਜਿਸ ਵਿੱਚ ਸਾਰੇ ਵਰਗਾਂ ਦੇ ਲੋਕਾਂ ਵੱਲੋਂ ਭਾਰੀ ਯੋਗਦਾਨ ਪਾਇਆ ਜਾ ਰਿਹਾ ਹੈ ਪਰ ਕਾਂਗਰਸੀ ਆਗੂ ਹੜ੍ਹ ਰਾਹਤ ਲਈ ਇਸ ਫੰਡ ਦਾ ਸ਼ਰਮਨਾਕ ਵਿਰੋਧ ਕਰ ਰਹੇ ਹਨ। ਇਹ ਉਹੀ ਕਾਂਗਰਸ ਹੈ ਜਿਸਨੇ ਦਹਾਕਿਆਂ ਤੋਂ ਪੰਜਾਬ ਦੀ ਆਰਥਿਕਤਾ ਨੂੰ ਬਰਬਾਦ ਕੀਤਾ, ਹੁਣ ਇਸਨੂੰ ਮੁੜ ਨਿਰਮਾਣ ਦੇ ਹਰ ਯਤਨ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਇਹ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਉਨ੍ਹਾਂ ਦੀ ਅਸਲ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਚੀਮਾ ਨੇ ਭਾਜਪਾ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਲੋਕਾਂ ਨੂੰ ਯਾਦ ਦਿਵਾਇਆ ਕਿ ਭਗਵਾ ਪਾਰਟੀ ਨੇ ਹਮੇਸ਼ਾ ਪੰਜਾਬ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਰ ਨਾਲ ਆਏ, ਫੇਰ 1,600 ਕਰੋੜ ਰੁਪਏ ਦੇ ਪੈਕੇਜ ਦਾ 'ਜੁਮਲਾ' ਐਲਾਨ ਕੀਤਾ, ਪਰ ਇਸ ਦਾ ਇੱਕ ਵੀ ਰੁਪਿਆ ਪੰਜਾਬ ਤੱਕ ਨਹੀਂ ਪਹੁੰਚਿਆ। ਸਿਰਫ਼ 240 ਕਰੋੜ ਰੁਪਏ, ਉਹ ਵੀ ਪਹਿਲਾਂ ਹੀ ਬਜਟ ਵਿੱਚ ਰੱਖੇ ਗਏ ਪ੍ਰਬੰਧ ਵਿੱਚੋਂ, ਜਾਰੀ ਕੀਤੇ ਗਏ ਹਨ। ਭਾਜਪਾ ਦੀ ਪੰਜਾਬ ਪ੍ਰਤੀ ਨਫ਼ਰਤ ਸਪੱਸ਼ਟ ਹੈ ਅਤੇ ਹੁਣ ਕਾਂਗਰਸ ਪਾਰਟੀ ਇਸ ਵਿਸ਼ਵਾਸਘਾਤ ਵਿੱਚ ਉਨ੍ਹਾਂ ਨਾਲ ਹੱਥ ਮਿਲਾ ਚੁੱਕੀ ਹੈ।
ਪਿਛਲੇ ਤਿੰਨ ਸਾਲਾਂ ਵਿੱਚ 'ਆਪ' ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਚੀਮਾ ਨੇ ਕਿਹਾ ਕਿ ਅਸੀਂ 60,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿਤੀਆਂ ਹਨ, ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਮਿਲ ਰਹੀ ਹੈ, ਪੰਜਾਬੀਆਂ ਦੇ ਹਿੱਤ ਲਈ ਨਿੱਜੀ ਥਰਮਲ ਪਾਵਰ ਪਲਾਂਟਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਲਿਆ, ਰਾਜ ਦੇ ਮਾਲੀਏ ਵਿੱਚ ਵਾਧਾ ਕੀਤਾ ਹੈ ਅਤੇ ਜਨਤਕ ਪੈਸੇ ਦੇ ਹਰ ਇੱਕ ਰੁਪਏ ਦੀ ਇਮਾਨਦਾਰੀ ਨਾਲ ਵਰਤੋਂ ਕੀਤੀ ਹੈ। ਪਿਛਲੀਆਂ ਸਰਕਾਰਾਂ ਦੇ ਉਲਟ, ਜਿਨ੍ਹਾਂ ਨੇ ਸਰਕਾਰੀ ਖਜ਼ਾਨਾ ਖਾਲੀ ਕਰ ਦਿੱਤਾ ਸੀ, ਅਸੀਂ ਇਸਨੂੰ ਭਰ ਰਹੇ ਹਾਂ ਅਤੇ ਲੋਕਾਂ 'ਤੇ ਖਰਚ ਕਰ ਰਹੇ ਹਾਂ।
ਚੀਮਾ ਨੇ ਅੱਗੇ ਕਿਹਾ ਕਿ ਅਕਾਲੀ-ਭਾਜਪਾ ਦੇ ਰਾਜ ਦੌਰਾਨ ਪੰਜਾਬ ਵਿੱਚ ਨਸ਼ਾ ਫੈਲਿਆ, ਜਿਸ ਨੇ ਸਾਡੇ ਨੌਜਵਾਨਾਂ ਨੂੰ ਬਰਬਾਦ ਕਰ ਦਿੱਤਾ, ਜਦੋਂ ਕਿ ਰਾਹੁਲ ਗਾਂਧੀ ਵਰਗੇ ਕਾਂਗਰਸੀ ਆਗੂ 70% ਪੰਜਾਬੀਆਂ ਨੂੰ ਨਸ਼ੇੜੀ ਦੱਸ ਕੇ ਬਦਨਾਮ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਹਿਲਾਂ, ਅਕਾਲੀਆਂ ਅਤੇ ਭਾਜਪਾ ਨੇ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ, ਫਿਰ ਕਾਂਗਰਸ ਨੇ ਨਸ਼ਿਆਂ ਦੇ ਵਪਾਰ ਨੂੰ ਵਧਾ ਕੇ ਅਤੇ ਪੰਜਾਬ ਦੇ ਸਰੋਤਾਂ ਨੂੰ ਲੁੱਟ ਕੇ ਆਪਣੀ ਵਿਰਾਸਤ ਜਾਰੀ ਰੱਖੀ।
ਪੰਜਾਬ ਲਈ ਇਨਸਾਫ਼ ਦੀ ਮੰਗ ਕਰਦੇ ਹੋਏ ਵਿੱਤ ਮੰਤਰੀ ਨੇ ਕੇਂਦਰ ਤੋਂ 20,000 ਕਰੋੜ ਰੁਪਏ ਦੀ ਰਾਹਤ ਦੀ 'ਆਪ' ਦੀ ਮੰਗ ਨੂੰ ਦੁਹਰਾਇਆ ਅਤੇ ਸਵਾਲ ਕੀਤਾ ਕਿ ਜਦੋਂ ਵੀ ਪੰਜਾਬ ਆਪਣੇ ਹੱਕਾਂ ਦੀ ਮੰਗ ਕਰਦਾ ਹੈ ਤਾਂ ਕਾਂਗਰਸੀ ਆਗੂ ਵਾਰ-ਵਾਰ ਭਾਜਪਾ ਦਾ ਸਾਥ ਕਿਉਂ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਅਸੀਂ ਮੋਦੀ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਦਾ ਵਿਰੋਧ ਕਰਦੇ ਹਾਂ, ਕਾਂਗਰਸ ਅਚਾਨਕ ਭਾਜਪਾ ਦੀ ਭਾਸ਼ਾ ਬੋਲਣ ਲੱਗ ਪੈਂਦੀ ਹੈ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਕਾਂਗਰਸ ਅਤੇ ਭਾਜਪਾ, ਅਕਾਲੀਆਂ ਦੇ ਨਾਲ, ਇੱਕੋ ਜਿਹੀ ਪੰਜਾਬ ਵਿਰੋਧੀ ਮਾਨਸਿਕਤਾ ਰੱਖਦੇ ਹਨ।
ਚੀਮਾ ਨੇ ਪੰਜਾਬੀਆਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਇਹ ਯਕੀਨੀ ਬਣਾਏਗੀ ਕਿ ਹੜ੍ਹ ਰਾਹਤ ਲਈ ਇਕੱਠਾ ਕੀਤਾ ਗਿਆ ਇੱਕ-ਇੱਕ ਪੈਸਾ ਇਮਾਨਦਾਰੀ ਨਾਲ ਲੋਕਾਂ ਦੇ ਘਰਾਂ ਦੇ ਮੁੜ ਨਿਰਮਾਣ ਅਤੇ ਜ਼ਿੰਦਗੀਆਂ ਬਹਾਲ ਕਰਨ 'ਤੇ ਖਰਚ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ ਸਗੋਂ, ਪੰਜਾਬ ਦੇ ਨਾਲ ਖੜ੍ਹੇ ਹੋਣ ਦਾ ਸਮਾਂ ਹੈ। ਪਰ ਕਾਂਗਰਸ ਨੇ ਭਾਜਪਾ ਦਾ ਸਾਥ ਦੇ ਕੇ ਅਤੇ ਲੋਕਾਂ ਨੂੰ ਰਾਹਤ ਦੇਣ ਦਾ ਵਿਰੋਧ ਕਰਕੇ ਆਪਣਾ ਅਸਲੀ ਰੰਗ ਦਿਖਾ ਦਿੱਤਾ ਹੈ।