ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਨਾਗਰਿਕ ਹਵਾਈ ਉਡਾਣ ਮੰਤਰੀ ਕੇ. ਰਾਮਮੋਹਨ ਨਾਇਡੂ ਨੂੰ ਪੱਤਰ ਲਿਖ ਕੇ ਏਅਰ ਇੰਡੀਆ ਦੇ ਸਟਾਫ ਵੱਲੋਂ ਸਿੱਖ ਯਾਤਰੀ ਨਾਲ ਕੀਤੇ ਗਏ ਅਪਮਾਨਜਨਕ ਵਿਹਾਰ ਦੀ ਕੜੀ ਨਿੰਦਾ ਕੀਤੀ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਹੈ ਕਿ ਜਿਹੜੇ ਕਰਮਚਾਰੀ ਨੇ ਧਾਰਮਿਕ ਚਿੰਨਾਂ ਦੀ ਬੇਅਦਬੀ ਕੀਤੀ ਹੈ ਅਤੇ ਯਾਤਰੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਉਹਨਾਂ ਲਈ ਮਿਸਾਲੀ ਸਜ਼ਾ ਯਕੀਨੀ ਬਣਾਈ ਜਾਵੇ।
ਪੱਤਰ ਵਿੱਚ ਸੰਸਦ ਮੈਂਬਰ ਬਾਦਲ ਨੇ ਦੱਸਿਆ ਕਿ ਤਾਮਿਲਨਾਡੂ ਦੇ ਨਿਵਾਸੀ ਜੀਵਨ ਸਿੰਘ ਨੂੰ, ਜਿਨ੍ਹਾਂ ਨੇ 2023 ਵਿੱਚ ਸਿੱਖ ਧਰਮ ਅਪਣਾਇਆ ਸੀ, ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਏਅਰ ਇੰਡੀਆ ਸਟਾਫ ਵੱਲੋਂ ਉਸ ਸਮੇਂ ਬੇਇਜ਼ਤੀ ਦਾ ਸ਼ਿਕਾਰ ਹੋਣਾ ਪਿਆ ਜਦੋਂ ਉਹ ਸਿੰਗਾਪੁਰ ਜਾਣ ਲਈ ਤਿਆਰ ਸਨ। ਉਹਨਾਂ ਨੂੰ ਨਾ ਸਿਰਫ਼ ਬੇਤੁਕੇ ਸਵਾਲਾਂ ਨਾਲ ਘੇਰਿਆ ਗਿਆ ਬਲਕਿ ਉਹਨਾਂ ਦੀ ਦਸਤਾਰ ਅਤੇ ਦਿਖ-ਸੂਰਤ ਉੱਤੇ ਵੀ ਟਿੱਪਣੀਆਂ ਕੀਤੀਆਂ ਗਈਆਂ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਟਾਫ ਵੱਲੋਂ ਪੁੱਛੇ ਗਏ ਸਵਾਲ, ਜਿਵੇਂ ਕਿ - ਉਹ ਸਿੰਗਾਪੁਰ ਕਿਉਂ ਜਾ ਰਹੇ ਹਨ, ਉਹਨਾਂ ਕੋਲ ਕਿੰਨਾ ਧਨ ਹੈ, ਬੈਂਕ ਖਾਤਿਆਂ ਦੇ ਵੇਰਵੇ ਕੀ ਹਨ ਅਤੇ ਉਹ ਕਿਸ ਜਾਤ ਤੋਂ ਸਿੱਖ ਧਰਮ ਵਿਚ ਆਏ ਹਨ - ਕਿਸੇ ਵੀ ਪ੍ਰੋਫੈਸ਼ਨਲ ਮਿਆਰ ਦਾ ਹਿੱਸਾ ਨਹੀਂ ਹਨ। ਇਹ ਪੂਰੀ ਤਰ੍ਹਾਂ ਭੇਦਭਾਵ ਅਤੇ ਧਾਰਮਿਕ ਅਜ਼ਾਦੀ ਉੱਤੇ ਹੱਲਾ ਹੈ। ਉਹਨਾਂ ਮੰਗ ਕੀਤੀ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇ ਅਤੇ ਜਿੰਮੇਵਾਰ ਸਟਾਫ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਬਾਦਲ ਨੇ ਕੇਂਦਰੀ ਮੰਤਰੀ ਨੂੰ ਬੇਨਤੀ ਕੀਤੀ ਕਿ ਏਅਰ ਇੰਡੀਆ ਆਪਣੇ ਸਟਾਫ ਨੂੰ ਸਿੱਖ ਧਰਮ ਅਤੇ ਇਸ ਦੇ ਧਾਰਮਿਕ ਚਿੰਨਾਂ ਬਾਰੇ ਜਾਗਰੂਕ ਕਰੇ ਅਤੇ ਇਹ ਹਦਾਇਤਾਂ ਏਅਰਲਾਈਨ ਦੀਆਂ ਐਸ ਓ ਪੀਜ਼ ਦਾ ਹਿੱਸਾ ਬਣਨ। ਉਹਨਾਂ ਇਹ ਵੀ ਮੰਗ ਕੀਤੀ ਕਿ ਏਅਰ ਇੰਡੀਆ ਜੀਵਨ ਸਿੰਘ ਤੋਂ ਬਿਨਾਂ ਕਿਸੇ ਸ਼ਰਤ ਦੇ ਮਾਫ਼ੀ ਮੰਗੇ, ਤਾਂ ਜੋ ਇਹ ਸਪਸ਼ਟ ਸੰਦੇਸ਼ ਜਾਵੇ ਕਿ ਏਅਰਲਾਈਨ ਦੀ ਪਹਿਚਾਣ - ਦਸਤਾਰਧਾਰੀ ਮਹਾਰਾਜਾ - ਕਿਸੇ ਵਿਅਕਤੀ ਦੀ ਬੇਇਜ਼ਤੀ ਨਾਲ ਨਹੀਂ ਬਲਕਿ ਸਤਿਕਾਰ ਨਾਲ ਜੁੜੀ ਹੋਈ ਹੈ।