ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਰਾਹਤ ਕਾਰਜਾਂ ਅਤੇ ਸੇਵਾ ਸੰਸਥਾਵਾਂ ਨੂੰ ਇੱਕ ਸੰਗਠਿਤ ਪਲੇਟਫਾਰਮ ‘ਤੇ ਲਿਆਉਣ ਲਈ ਨਵੀਂ ਵੈੱਬਸਾਈਟ sarkarekhalsa.org ਲਾਂਚ ਕਰ ਦਿੱਤੀ। ਇਸ ਵੈੱਬਸਾਈਟ ਦਾ ਮਕਸਦ ਪੰਜਾਬ ਵਿੱਚ ਹੋ ਰਹੀਆਂ ਸੇਵਾਵਾਂ ਨੂੰ ਇੱਕ ਢਾਂਚੇਵਾਰ ਤਰੀਕੇ ਨਾਲ ਪ੍ਰਬੰਧਿਤ ਕਰਨਾ ਹੈ।
ਪਿਛਲੇ ਦਿਨਾਂ ਵਿੱਚ ਜਥੇਦਾਰ ਗੜਗੱਜ ਵੱਲੋਂ ਹੜ੍ਹਾਂ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਸੇਵਾ ਕਰ ਰਹੀਆਂ ਵੱਖ ਵੱਖ ਸੰਸਥਾਵਾਂ, ਸਿੱਖ ਸਮੂਹਾਂ, ਕਲਾਕਾਰਾਂ ਅਤੇ ਜਨਤਾ ਦੀ ਇਕੱਠਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ਵਿੱਚ ਕੀਤੀ ਗਈ ਸੀ। ਇਸ ਮੌਕੇ ਤੇ ਜਥੇਦਾਰ ਨੇ ਐਲਾਨ ਕੀਤਾ ਕਿ ਸਾਰੀਆਂ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਹੇਠ ਰਜਿਸਟਰ ਕਰਵਾ ਕੇ ਨਿਯਮਿਤ ਤਰੀਕੇ ਨਾਲ ਰਾਹਤ ਕਾਰਜਾਂ ‘ਚ ਸ਼ਾਮਿਲ ਕੀਤਾ ਜਾਵੇਗਾ।
ਵੈੱਬਸਾਈਟ ਦੇ ਜ਼ਰੀਏ, ਜ਼ਰੂਰਤਮੰਦ ਵਿਅਕਤੀ ਆਪਣੇ ਇਲਾਕੇ ਦੀ ਲੋੜ ਦਰਜ ਕਰ ਸਕਣਗੇ, ਅਤੇ ਸੇਵਾ ਕਰਨ ਵਾਲੀਆਂ ਸੰਸਥਾਵਾਂ ਆਪਣੀ ਜਾਣਕਾਰੀ ਅਤੇ ਕਾਰਜ ਦਾ ਡੇਟਾ ਸਾਂਝਾ ਕਰ ਸਕਣਗੀਆਂ। ਇਹ ਸਾਰਾ ਪ੍ਰਬੰਧ ਪਾਰਦਰਸ਼ੀ ਢੰਗ ਨਾਲ ਕੀਤਾ ਜਾਵੇਗਾ ਅਤੇ ਹਰ ਵਿਅਕਤੀ ਇਸ ਪੋਰਟਲ ਦੀ ਵਰਤੋਂ ਕਰ ਸਕੇਗਾ।
ਜਥੇਦਾਰ ਨੇ ਦੱਸਿਆ ਕਿ ਹਰ ਸੰਸਥਾ ਵੱਲੋਂ ਦੋ-ਦੋ ਵਾਲੰਟੀਅਰ ਲਗਾਏ ਜਾਣਗੇ ਜੋ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣਗੇ ਅਤੇ ਜ਼ਰੂਰਤ ਮੁਤਾਬਕ ਕਾਰਜ ਨਿਭਾਉਣਗੇ। ਇਸ ਨਾਲ ਸੇਵਾ ਦਾ ਰਿਕਾਰਡ ਹਰ ਵੇਲੇ ਆਨਲਾਈਨ ਉਪਲਬਧ ਰਹੇਗਾ ਅਤੇ ਕੰਮ ਨੂੰ ਪ੍ਰਭਾਵਸ਼ਾਲੀ ਅਤੇ ਸੁਚੱਜੇ ਢੰਗ ਨਾਲ ਕੀਤਾ ਜਾਵੇਗਾ।