ਹਰਿਆਣਾ ਸਰਕਾਰ ਨੇ ਰਾਜ ਦੇ ਬਜ਼ੁਰਗ ਨਾਗਰਿਕਾਂ ਲਈ ਵੱਡਾ ਤੋਹਫ਼ਾ ਐਲਾਨਿਆ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿੱਚ ਐਤਵਾਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਬੁਢਾਪਾ ਪੈਨਸ਼ਨ 3,000 ਰੁਪਏ ਤੋਂ ਵਧਾ ਕੇ 3,500 ਰੁਪਏ ਪ੍ਰਤੀ ਮਹੀਨਾ ਕਰਨ ਦਾ ਫੈਸਲਾ ਲਿਆ ਗਿਆ। ਮੰਤਰੀ ਕ੍ਰਿਸ਼ਨਾ ਬੇਦੀ ਨੇ ਦੱਸਿਆ ਕਿ ਇਹ ਵਾਧਾ 1 ਨਵੰਬਰ 2025 ਤੋਂ ਲਾਗੂ ਹੋਵੇਗਾ। ਇਸ ਤੋਂ ਪਹਿਲਾਂ 1 ਜਨਵਰੀ 2024 ਨੂੰ ਪੈਨਸ਼ਨ 2,750 ਤੋਂ ਵਧਾ ਕੇ 3,000 ਰੁਪਏ ਕੀਤੀ ਗਈ ਸੀ। ਲਗਭਗ ਢਾਈ ਘੰਟੇ ਚੱਲੀ ਕੈਬਨਿਟ ਮੀਟਿੰਗ ਵਿੱਚ ਸਰਕਾਰ ਦੇ ਇੱਕ ਸਾਲ ਪੂਰੇ ਹੋਣ 'ਤੇ 17 ਅਕਤੂਬਰ ਨੂੰ ਸੋਨੀਪਤ ਵਿੱਚ ਹੋਣ ਵਾਲੇ ਪ੍ਰੋਗਰਾਮ ਲਈ ਤਿਆਰੀਆਂ 'ਤੇ ਵੀ ਚਰਚਾ ਕੀਤੀ ਗਈ, ਜਿਸ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਰਹੇਗੀ।
ਮੀਟਿੰਗ ਦੌਰਾਨ ਹਰਿਆਣਾ ਪੁਲਿਸ ਦੇ ਭਰਤੀ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਹੁਣ ਸਬ-ਇੰਸਪੈਕਟਰ (ਪੁਰਸ਼) ਦੀਆਂ 50% ਅਸਾਮੀਆਂ ਸਿੱਧੀ ਭਰਤੀ ਦੀ ਬਜਾਏ ਤਰੱਕੀ ਰਾਹੀਂ ਭਰੀਆਂ ਜਾਣਗੀਆਂ। ਇਸ ਤੋਂ ਇਲਾਵਾ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ ਕਾਮਨ ਐਲੀਜਿਬਿਲਿਟੀ ਟੈਸਟ (CET) ਦੇ ਸਕੋਰਾਂ ਦੀ ਵੈਧਤਾ ਤਿੰਨ ਸਾਲਾਂ ਤੱਕ ਵਧਾ ਦਿੱਤੀ ਗਈ ਹੈ। ਮੰਤਰੀ ਕ੍ਰਿਸ਼ਨਾ ਬੇਦੀ ਨੇ ਕਿਹਾ ਕਿ ਮੀਟਿੰਗ ਵਿੱਚ 9 ਤੋਂ 10 ਏਜੰਡੇ 'ਤੇ ਵਿਚਾਰ ਕੀਤਾ ਗਿਆ ਅਤੇ ਕੁਝ ਸੋਧ ਵਾਲੇ ਵਿਸ਼ੇ ਅਗਲੀ ਮੀਟਿੰਗ ਵਿੱਚ ਰੱਖੇ ਜਾਣਗੇ।
2014 ਵਿੱਚ ਭਾਜਪਾ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਪਿਛਲੇ ਦੱਸ ਸਾਲਾਂ ਵਿੱਚ ਬੁਢਾਪਾ ਪੈਨਸ਼ਨ ਵਿੱਚ 2,500 ਰੁਪਏ ਦਾ ਵਾਧਾ ਹੋਇਆ ਹੈ — 1,000 ਰੁਪਏ ਤੋਂ ਵਧਾ ਕੇ ਹੁਣ ਇਹ 3,500 ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਸਰਕਾਰੀ ਸੂਤਰਾਂ ਮੁਤਾਬਕ, 17 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੌਰਾਨ ਦੋ ਵੱਡੀਆਂ ਯੋਜਨਾਵਾਂ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ, ਜਿਨ੍ਹਾਂ ਹੇਠ ਗਰੀਬ ਪਰਿਵਾਰਾਂ ਨੂੰ 25,000 ਪਲਾਟ ਅਤੇ 7,000 ਤੋਂ ਵੱਧ ਫਲੈਟ ਪ੍ਰਦਾਨ ਕਰਨ ਦੀ ਯੋਜਨਾ ਹੈ। ਇਸ ਤੋਂ ਇਲਾਵਾ ਦਿੱਲੀ-ਕਟੜਾ ਹਾਈਵੇਅ ਦਾ ਉਦਘਾਟਨ ਵੀ ਸੰਭਾਵਿਤ ਹੈ। ਮੁੱਖ ਮੰਤਰੀ ਨੇ ਰੂਟ ਪਲਾਨ, ਸੁਰੱਖਿਆ ਤੇ ਪਾਰਕਿੰਗ ਪ੍ਰਬੰਧਾਂ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਤਾਂ ਜੋ ਜਨਤਾ ਨੂੰ ਕਿਸੇ ਤਰ੍ਹਾਂ ਦੀ ਅਸੁਵਿਧਾ ਨਾ ਹੋਵੇ।