ਤਰਨਤਾਰਨ ਜ਼ਿਲ੍ਹੇ ਦੇ ਥਾਣਾ ਗੋਇੰਦਵਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਫ਼ਤਿਹਾਬਾਦ ਨੇੜੇ ਅੱਜ ਸਵੇਰੇ ਪੁਲਿਸ ਅਤੇ ਸੱਤਾ ਨੌਸ਼ਹਿਰਾ ਗੈਂਗ ਨਾਲ ਸਬੰਧਤ ਗੈਂਗਸਟਰਾਂ ਵਿਚਾਲੇ ਭਿਆਨਕ ਐਨਕਾਊਂਟਰ ਵਾਪਰਿਆ। ਐਨਕਾਊਂਟਰ ਦੌਰਾਨ ਇੱਕ ਗੈਂਗਸਟਰ ਨੂੰ ਲੱਤ ਵਿੱਚ ਗੋਲੀ ਲੱਗਣ ਨਾਲ ਜ਼ਖ਼ਮੀ ਹਾਲਤ ਵਿੱਚ ਕਾਬੂ ਕਰ ਲਿਆ ਗਿਆ, ਜਦਕਿ ਉਸਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
ਫੜੇ ਗਏ ਗੈਂਗਸਟਰ ਦੀ ਪਹਿਚਾਣ ਗੁਰਸੇਵਕ ਸਿੰਘ ਬੰਬ ਵੱਜੋਂ ਹੋਈ ਹੈ, ਜੋ ਕਿ ਮਸ਼ਹੂਰ ਸੱਤਾ ਨੌਸ਼ਹਿਰਾ ਗੈਂਗ ਨਾਲ ਜੁੜਿਆ ਹੋਇਆ ਹੈ। ਪੁਲਿਸ ਨੇ ਮੌਕੇ ਤੋਂ ਇੱਕ ਪਿਸਟਲ ਵੀ ਬਰਾਮਦ ਕੀਤਾ ਹੈ। ਮੌਕੇ 'ਤੇ ਜਗ੍ਹਾ-ਜਗ੍ਹਾ ਪਏ ਖਾਲੀ ਕਾਰਤੂਸ ਸਪੱਸ਼ਟ ਕਰ ਰਹੇ ਸਨ ਕਿ ਦੋਨੋਂ ਪਾਸਿਆਂ ਵੱਲੋਂ ਤਾਬੜਤੋੜ ਗੋਲੀਬਾਰੀ ਹੋਈ।
ਇਸ ਸੰਬੰਧੀ ਐਸਐਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਪੁਲਿਸ ਨੇ ਫ਼ਤਿਹਾਬਾਦ ਕਸਬੇ ਨੇੜੇ ਬਾਬਾ ਡੰਡਿਆਂ ਵਾਲੇ ਮੰਦਰ ਦੇ ਕੋਲ ਨਾਕੇਬੰਦੀ ਕੀਤੀ ਹੋਈ ਸੀ। ਪੁਲਿਸ ਵੱਲੋਂ ਜਦੋਂ ਇੱਕ ਸ਼ੱਕੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਕਾਰ ਸਵਾਰ ਵਿਅਕਤੀਆਂ ਨੇ ਗੱਡੀ ਝਾੜੀਆਂ ਵਿੱਚ ਵਾੜ ਦਿੱਤੀ ਅਤੇ ਕਾਰ ਤੋਂ ਬਾਹਰ ਆ ਕੇ ਪੁਲਿਸ ਪਾਰਟੀ 'ਤੇ ਗੋਲੀਆਂ ਚਲਾਉਣ ਲੱਗ ਪਏ। ਪੁਲਿਸ ਵੱਲੋਂ ਜਵਾਬੀ ਫਾਇਰਿੰਗ ਕੀਤੀ ਗਈ ਜਿਸ ਦੌਰਾਨ ਗੁਰਸੇਵਕ ਸਿੰਘ ਬੰਬ ਨੂੰ ਲੱਤ ਵਿੱਚ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਕੇ ਕਾਬੂ ਆ ਗਿਆ, ਜਦਕਿ ਉਸਦਾ ਸਾਥੀ ਮੌਕੇ ਤੋਂ ਭੱਜ ਨਿਕਲਿਆ।
ਐਸਐਸਪੀ ਨੇ ਦੱਸਿਆ ਕਿ ਗੁਰਸੇਵਕ ਸਿੰਘ ਬੰਬ ਹਾਲ ਹੀ ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ ਅਤੇ ਉਸਦੇ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼ ਅਤੇ ਫਿਰੌਤੀ ਸਮੇਤ ਅੱਧਾ ਦਰਜਨ ਤੋਂ ਵੱਧ ਗੰਭੀਰ ਮਾਮਲੇ ਦਰਜ ਹਨ। ਪੁਲਿਸ ਵੱਲੋਂ ਉਸਨੂੰ ਤੁਰੰਤ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਅਤੇ ਉਸਦੇ ਖ਼ਿਲਾਫ਼ ਨਵਾਂ ਮਾਮਲਾ ਦਰਜ ਕਰਕੇ ਅਗਲੇਰੀ ਪੁੱਛਗਿੱਛ ਲਈ ਰਿਮਾਂਡ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਨੇ ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਫ਼ਰਾਰ ਗੈਂਗਸਟਰ ਦੀ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ।